ਸਕੂਲ ਪੜ੍ਹਨ ਆਈ 5ਵੀਂ ਦੀ ਵਿਦਿਆਰਥਣ ਭੇਤਭਰੀ ਹਾਲਤ ''ਚ ਗਾਇਬ

05/30/2019 11:09:29 AM

ਗੁਰੂਹਰਸਹਾਏ (ਆਵਲਾ) – ਰਾਜ ਕਰਨੀ ਗਲਹੋਤਰਾ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੀ 5ਵੀਂ ਕਲਾਸ ਦੀ ਵਿਦਿਆਰਥਣ ਸਕੂਲ ਪੜ੍ਹਨ ਗਈ ਸੀ ਪਰ ਉਹ ਸਕੂਲ 'ਚੋਂ ਅਚਾਨਕ ਭੇਤਭਰੀ ਹਾਲਤ 'ਚ ਗਾਇਬ ਹੋ ਗਈ। ਵਿਦਿਆਰਥਣ ਦੇ ਲਾਪਤਾ ਹੋਣ ਕਾਰਨ ਸਕੂਲ 'ਚ ਹਫੜਾ-ਤਫੜੀ ਮੱਚ ਗਈ। ਸੂਚਨਾ ਮਿਲਣ 'ਤੇ ਪੁੱਜੇ ਥਾਣਾ ਗੁਰੂਹਰਸਹਾਏ ਦੇ ਐੱਸ. ਐੱਚ. ਓ. ਜਸਵਰਿੰਦਰ ਸਿੰਘ ਅਤੇ ਲੜਕੀ ਦੇ ਦਾਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਜਪ੍ਰੀਤ ਕੌਰ ਰੋਜ਼ ਦੀ ਤਰ੍ਹਾਂ ਸਕੂਲ ਪੜ੍ਹਨ ਜਾਣ ਲਈ ਆਪਣੇ ਪਿੰਡ ਨਿਧਾਨਾ ਤੋਂ ਸਕੂਲ ਵੈਨ 'ਚ ਬੈਠੀ ਸੀ। ਉਸ ਨੇ ਫੋਨ ਕਰਨ ਲਈ ਡਰਾਈਵਰ ਤੋਂ ਫੋਨ ਮੰਗਿਆ ਅਤੇ ਉਸ ਨੇ ਫੋਨ ਕਰ ਕੇ ਫੋਨ 'ਚੋਂ ਨੰਬਰ ਡਲੀਟ ਕਰ ਦਿੱਤਾ। ਵੈਨ ਡਰਾਈਵਰ ਜਦ ਬੱਚਿਆਂ ਨੂੰ ਸਕੂਲ ਛੱਡਣ ਲਈ ਆਇਆ ਤਾਂ ਸਾਰੇ ਬੱਚੇ ਵੈਨ 'ਚੋਂ ਉਤਰ ਕੇ ਸਕੂਲ ਚਲੇ ਗਏ। 

ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਲੜਕੀ ਸਕੂਲ 'ਚ ਪੜ੍ਹਨ ਲਈ ਨਹੀਂ ਆਈ ਤਾਂ ਅਸੀਂ ਸਕੂਲ 'ਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ, ਜਿਸ 'ਚ ਦੇਖਿਆ ਕਿ ਉਹ ਸਕੂਲ ਆਈ ਹੀ ਨਹੀਂ। ਲੜਕੀ ਨੂੰ ਉਸ ਦੀ ਮਾਂ ਬਾਹਰੋਂ ਹੀ ਲੈ ਕੇ ਚਲੀ ਗਈ, ਤਦ ਉਨ੍ਹਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਜੋ ਔਰਤ ਆਪਣੀ ਧੀ ਨੂੰ ਸਕੂਲ ਤੋਂ ਬੈਂਗਲੁਰੂ ਲੈ ਗਈ ਹੈ, ਉਸ ਦਾ ਕਾਫੀ ਸਮਾਂ ਪਹਿਲਾਂ ਅਦਾਲਤ 'ਚ ਪਤੀ ਨਾਲ ਤਲਾਕ ਹੋਇਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਬੇਟੀ ਨੂੰ ਸਿਰਫ ਮਾਂ ਮਿਲ ਸਕਦੀ ਸੀ ਪਰ ਉਸ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦੀ ਸੀ ਪਰ ਫਿਰ ਵੀ ਉਹ ਔਰਤ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਆਪਣੀ ਬੇਟੀ ਨੂੰ ਨਾਲ ਲੈ ਗਈ ਹੈ। ਦੂਜੇ ਪਾਸੇ ਲੜਕੀ ਦੇ ਦਾਦੇ ਨੇ ਕਿਹਾ ਕਿ ਜੇਕਰ ਉਸ ਦੀ ਨੂੰਹ ਨੇ 2-3 ਦਿਨਾਂ 'ਚ ਉਸ ਦੀ ਪੋਤਰੀ ਵਾਪਸ ਨਹੀਂ ਕੀਤੀ ਤਾਂ ਉਹ ਉਸ ਦੇ ਖਿਲਾਫ ਬੱਚੀ ਨੂੰ ਅਗਵਾ ਕਰ ਕੇ ਲਿਜਾਣ ਦਾ ਮਾਮਲਾ ਦਰਜ ਕਰਵਾਉਣਗੇ।


rajwinder kaur

Content Editor

Related News