ਜਲੰਧਰ ਸਮਾਰਟ ਸਿਟੀ ਦੇ ਨਾਂ ''ਤੇ ਹੋਇਆ ਕਰੋੜਾਂ ਦਾ ਘਪਲਾ, BJP ਨੇ ਲਾਏ ਵੱਡੇ ਇਲਜ਼ਾਮ

Wednesday, Sep 07, 2022 - 04:23 AM (IST)

ਜਲੰਧਰ (ਖੁਰਾਣਾ) : ਸਮਾਰਟ ਸਿਟੀ ਜਲੰਧਰ ਦੇ ਹਰ ਕੰਮ 'ਚ ਨਿਕਲ ਰਹੇ ਸਕੈਂਡਲ ਅਤੇ ਹਾਲ ਹੀ 'ਚ ਸ਼ਹਿਰ ਦੇ 26 ਯੂਨੀਪੋਲਜ਼ ਨੂੰ ਬਿਨਾਂ ਟੈਂਡਰ ਅਲਾਟ ਕੀਤੇ ਦਿੱਤੇ ਜਾਣ ਦੇ ਮਾਮਲੇ ਵਿਚ ਜ਼ਿਲਾ ਭਾਜਪਾ ਹਮਲਾਵਰ ਹੋ ਗਈ ਹੈ। ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੇਅਰ ਸੁਨੀਲ ਜੋਤੀ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਗੰਭੀਰ ਦੋਸ਼ ਲਾਇਆ ਕਿ ਸਮਾਰਟ ਸਿਟੀ ਦੇ ਘਪਲਿਆਂ ਅਤੇ 26 ਯੂਨੀਪੋਲਜ਼ ਦੀ ਗਲਤ ਅਲਾਟਮੈਂਟ ਦੇ ਮਾਮਲੇ ਵਿਚ ਮੇਅਰ, ਕਮਿਸ਼ਨਰ ਤੇ ਆਮ ਆਦਮੀ ਪਾਰਟੀ ਦੇ ਆਗੂ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ : ਕਿਸਾਨਾਂ ਦਾ ਫੁੱਟਿਆ ਗੁੱਸਾ, ਦੋਵੇਂ ਗੇਟ ਬੰਦ ਕਰ ਨਹਿਰੀ ਵਿਭਾਗ ਦੇ ਐਕਸੀਅਨ ਤੇ ਸਟਾਫ਼ ਨੂੰ ਬਣਾਇਆ ਬੰਧਕ

ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਲੋਕਲ ਬਾਡੀਜ਼ ਸੈੱਲ ਦੇ ਕੋ-ਕਨਵੀਨਰ ਅਸ਼ਵਨੀ ਭੰਡਾਰੀ, ਕੌਂਸਲਰ ਬਲਜੀਤ ਪ੍ਰਿੰਸ, ਅਜੇ ਚੋਪੜਾ ਅਤੇ ਜੀ. ਕੇ. ਸੋਨੀ ਵੀ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਮਾਰਟ ਸਿਟੀ ਜਲੰਧਰ ਕੋਲ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 372 ਕਰੋੜ ਰੁਪਏ ਆਏ ਪਰ ਇਸ ਸਬੰਧੀ ਬਿਲਕੁਲ ਵੀ ਪਾਰਦਰਸ਼ਿਤਾ ਨਹੀਂ ਵਰਤੀ ਗਈ ਅਤੇ ਹਰ ਪ੍ਰਾਜੈਕਟ ’ਚ ਗੜਬੜੀ ਅਤੇ ਗੋਲਮਾਲ ਕੀਤਾ ਗਿਆ। ਹੁਣ ਕੁਝ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਕਰਵਾ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਸ ਦੀ ਬਜਾਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਂਦਰੀ ਏਜੰਸੀ ਨੂੰ ਵੀ ਜਾਂਚ ਵਿਚ ਸ਼ਾਮਲ ਕਰਨ ਦਾ ਯਤਨ ਕਰੇ। ਸਮਾਰਟ ਸਿਟੀ ਦੇ ਸਾਰੇ ਪੂਰੇ ਹੋ ਚੁੱਕੇ ਜਾਂ ਚੱਲ ਰਹੇ ਪ੍ਰਾਜੈਕਟਾਂ ਦੀ ਵਿੱਤੀ ਅਤੇ ਸਾਈਟ ’ਤੇ ਜਾ ਕੇ ਜਾਂਚ ਕਰਨ ਤੋਂ ਇਲਾਵਾ ਵਰਤੇ ਗਏ ਮਟੀਰੀਅਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 2 ਭੈਣਾਂ ਨੂੰ ਸੱਪ ਨੇ ਡੰਗਿਆ, ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਵਿਜੀਲੈਂਸ ਕੋਲੋਂ ਇਹ ਘਪਲਾ ਇਸ ਲਈ ਵੀ ਉਜਾਗਰ ਨਹੀਂ ਹੋਵੇਗਾ ਕਿਉਂਕਿ ‘ਆਪ’ ਸਰਕਾਰ ਦੇ ਅਫ਼ਸਰ, ਵਿਜੀਲੈਂਸ ਦੇ ਅਧਿਕਾਰੀ ਤੇ ‘ਆਪ’ ਆਗੂ ਇਸ ਜਾਂਚ ਨੂੰ ਅੱਗੇ ਨਹੀਂ ਵਧਾਉਣਗੇ, ਜੇਕਰ ਇਸ ਮਾਮਲੇ ਵਿਚ ਉਚਿਤ ਕਦਮ ਨਾ ਚੁੱਕੇ ਗਏ ਤਾਂ ਭਾਜਪਾ ਸੜਕਾਂ ’ਤੇ ਉਤਰੇਗੀ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਦੌਰਾਨ ਸਾਬਕਾ ਮੇਅਰ ਜੋਤੀ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਮੇਅਰ ਰਾਜਾ ਨੇ ਐੱਲ. ਈ. ਡੀ. ਮਾਮਲੇ ’ਤੇ ਹਾਊਸ ਦੀਆਂ 4 ਵਿਸ਼ੇਸ਼ ਮੀਟਿੰਗਾਂ ਬੁਲਾਈਆਂ, ਉਸੇ ਤਰ੍ਹਾਂ 26 ਯੂਨੀਪੋਲਜ਼ ਦੀ ਗਲਤ ਅਲਾਟਮੈਂਟ ਵਿਚ ਉਹ ਹਾਊਸ ਦੀ ਵਿਸ਼ੇਸ਼ ਮੀਟਿੰਗ ਕਿਉਂ ਨਹੀਂ ਬੁਲਾ ਰਹੇ। ਉਹ ਇਸ ਮਾਮਲੇ ਵਿਚ ‘ਆਪ’ ਆਗੂਆਂ ਜਾਂ ਉਨ੍ਹਾਂ ਦੀ ਚਹੇਤੀ ਏਜੰਸੀ ਨੂੰ ਕਿਉਂ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਅਰ ਨਿਗਮ ਦੇ ਕਸਟੋਡੀਅਨ ਹਨ, ਇਸ ਲਈ ਉਨ੍ਹਾਂ ਨੂੰ ਇਸ ਸਕੈਂਡਲ ਦੇ ਮਾਮਲੇ ਵਿਚ ਹਾਈ ਕੋਰਟ ਤੱਕ ਜਾ ਕੇ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੇਅਰ ਜਗਦੀਸ਼ ਰਾਜਾ ਆਮ ਆਦਮੀ ਪਾਰਟੀ ਨਾਲ ਮਿਲੇ ਹੋਏ ਹਨ।

ਇਹ ਵੀ ਪੜ੍ਹੋ : ਸੁਰੱਖਿਆ 'ਚ ਸੰਨ੍ਹ! ਸਾਲ ਦੇ ਪਹਿਲੇ 240 ਦਿਨਾਂ ਦੌਰਾਨ ਕਪੂਰਥਲਾ ਜੇਲ੍ਹ 'ਚੋਂ ਬਰਾਮਦ ਹੋਏ 150 ਮੋਬਾਈਲ

ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਨਹੀਂ ਹਨ ਸੀ.ਐੱਮ. ਤੇ ਲੋਕਲ ਬਾਡੀਜ਼ ਮੰਤਰੀ

ਸਾਬਕਾ ਮੇਅਰ ਜੋਤੀ ਨੇ ਕਿਹਾ ਕਿ ‘ਆਪ’ ਸੁਪਰੀਮੋ ਕੇਜਰੀਵਾਲ ਹਿਮਾਚਲ ਅਤੇ ਗੁਜਰਾਤ ਵਿਚ ਜਾ ਕੇ ਦਾਅਵੇ ਕਰ ਰਹੇ ਹਨ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਹੋ ਚੁੱਕਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਚਲਾ ਜਾ ਰਿਹਾ ਹੈ। ਸਾਬਕਾ ਮੇਅਰ ਨੇ ਕਿਹਾ ਕਿ ਜਦੋਂ ਕੁਝ ਦਿਨ ਪਹਿਲਾਂ ਖੇਡਾਂ ਦੇ ਸਿਲਸਿਲੇ ਵਿਚ ਮੁੱਖ ਮੰਤਰੀ ਨੇ ਜਲੰਧਰ ਆਉਣਾ ਸੀ, ਉਦੋਂ 2 ਦਿਨ ਪਹਿਲਾਂ ਭਾਜਪਾ ਆਗੂਆਂ ਦੇ ਇਕ ਵਫ਼ਦ ਨੇ ਸਟੇਡੀਅਮ ਜਾ ਕੇ ਡੀ. ਸੀ. ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਜਾਂ ਲੋਕਲ ਬਾਡੀਜ਼ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਉਣ ਦੀ ਗੱਲ ਕਹੀ ਸੀ ਤਾਂ ਕਿ ਸਮਾਰਟ ਸਿਟੀ ਅਤੇ ਇਸ਼ਤਿਹਾਰ ਘਪਲੇ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਨੋਇਡਾ ਤੋਂ ਗ੍ਰਿਫ਼ਤਾਰ

ਜੋਤੀ ਨੇ ਕਿਹਾ ਕਿ ਉਸ ਦਿਨ ਜਲੰਧਰ ਵਿਚ ਰਾਤ ਨੂੰ ਠਹਿਰਨ ਦੇ ਬਾਵਜੂਦ ਸੀ.ਐੱਮ. ਅਤੇ ਲੋਕਲ ਬਾਡੀਜ਼ ਮੰਤਰੀ ਨੇ ਭਾਜਪਾ ਆਗੂਆਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ, ਜਿਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਅਜਿਹੇ ਮਾਮਲਿਆਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਦੇ ਘਪਲਿਆਂ ਅਤੇ 26 ਯੂਨੀਪੋਲਜ਼ ਦੀ ਗਲਤ ਅਲਾਟਮੈਂਟ ਦਾ ਮਾਮਲਾ ਪ੍ਰਦੇਸ਼ ਭਾਜਪਾ ਲੀਡਰਸ਼ਿਪ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News