ਕਰਮਚਾਰੀਆਂ ਦੀਆਂ ਤਨਖ਼ਾਹਾਂ ''ਚ ਕੀਤਾ 14.46 ਲੱਖ ਰੁਪਏ ਦਾ ਘਪਲਾ, ਸੇਵਾਮੁਕਤ SMO ਤੇ ਕਲਰਕ ਕਾਬੂ

Wednesday, Jul 31, 2024 - 10:10 PM (IST)

ਕਪੂਰਥਲਾ/ਜਲੰਧਰ (ਮਹਾਜਨ, ਧਵਨ) - ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਢਲੇ ਸਿਹਤ ਕੇਂਦਰ (ਪੀ. ਐੱਚ. ਸੀ.), ਢਿੱਲਵਾਂ, ਜ਼ਿਲਾ ਕਪੂਰਥਲਾ ’ਚ ਤਾਇਨਾਤ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਵੰਡ ’ਚ ਹੋਏ ਘਪਲੇ ਦੀ ਜਾਂਚ ਉਪਰੰਤ ਮੁਲਜ਼ਮ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਚਾਹਲ (ਸੇਵਾਮੁਕਤ) ਅਤੇ ਪੀ. ਐੱਚ. ਸੀ., ਢਿੱਲਵਾਂ ਵਿਖੇ ਤਾਇਨਾਤ ਸੀਨੀਅਰ ਸਹਾਇਕ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਮੁਕੱਦਮੇ ਦਾ ਇਕ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਪਹਿਲਾਂ ਵੀ ਸਬ-ਡਵੀਜ਼ਨਲ ਹਸਪਤਾਲ, ਬਾਬਾ ਬਕਾਲਾ, ਜ਼ਿਲਾ ਅੰਮ੍ਰਿਤਸਰ ਵਿਖੇ ਤਨਖ਼ਾਹਾਂ ’ਚ ਧੋਖਾਧੜੀ ਕਰਨ ਦੇ ਇਕ ਕੇਸ ਵਿਚ ਸ਼ਾਮਲ ਸੀ। ਇਸ ਸਬੰਧੀ ਉਸ ਵਿਰੁੱਧ ਸਾਲ 2013 ਵਿੱਚ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਕੇਸ ਵੀ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ 2016 ਵਿਚ ਇਸ ਮੁਲਜ਼ਮ ਕਲਰਕ ਦਾ ਤਬਾਦਲਾ ਪੀ. ਐੱਚ. ਸੀ. ਢਿੱਲਵਾਂ ਵਿਖੇ ਕਰ ਦਿੱਤਾ ਸੀ। ਢਿੱਲਵਾਂ ਦੇ ਐੱਸ. ਐੱਮ. ਓ. ਡਾ. ਲਖਵਿੰਦਰ ਸਿੰਘ ਚਹਿਲ ਨੇ ਉਕਤ ਮੁਲਜ਼ਮ ਵਿਰੁੱਧ ਤਨਖ਼ਾਹਾਂ ’ਚ ਧੋਖਾਧੜੀ ਕਰਨ ਸਬੰਧੀ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਮੁਲਜ਼ਮ ਕਲਰਕ ਨੂੰ ਤਨਖ਼ਾਹਾਂ ਦਾ ਹਿਸਾਬ ਰੱਖਣ ਲਈ ਆਪਣੇ ਜ਼ੁਬਾਨੀ ਹੁਕਮਾਂ ’ਤੇ ਇਕ ਹੋਰ ਕਰਮਚਾਰੀ ਬਿੱਲ ਕਲਰਕ ਰਣਜੀਤ ਸਿੰਘ ਨਾਲ ਸਹਾਇਕ ਵਜੋਂ ਤਾਇਨਾਤ ਕੀਤਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਦੇ ਵੱਖ-ਵੱਖ ਬੈਂਕਾਂ ਤੋਂ ਪ੍ਰਾਪਤ ਕੀਤੀਆਂ ਬੈਂਕ ਸਟੇਟਮੈਂਟਾਂ ਤੋਂ ਸਾਬਤ ਹੋਇਆ ਹੈ ਕਿ ਇਸ ਮੁਲਜ਼ਮ ਨੇ ਲੰਬੀ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਦੀਆਂ ਜਾਅਲੀ ਤਨਖ਼ਾਹਾਂ ਅਤੇ ਮਹਿੰਗਾਈ ਭੱਤੇ ਦੇ ਬਿੱਲ ਤਿਆਰ ਕੀਤੇ ਸਨ ਅਤੇ ਜਿਨ੍ਹਾਂ ’ਤੇ ਉਕਤ ਮੁਲਜ਼ਮ ਰਣਜੀਤ ਸਿੰਘ ਵੱਲੋਂ ਕਾਊਂਟਰ ਸਾਈਨ ਕੀਤੇ ਹੋਏ ਸਨ ਅਤੇ ਐੱਸ. ਐੱਮ. ਓ. ਡਾ. ਚਾਹਲ ਵੱਲੋਂ ਪ੍ਰਵਾਨਗੀ ਦਿੱਤੀ ਗਈ।

ਕਲਰਕ ਰਾਜਵਿੰਦਰ ਸਿੰਘ ਨੇ ਖਜ਼ਾਨਾ ਦਫ਼ਤਰ ਭੁਲੱਥ ਤੋਂ ਇਹ ਜਾਅਲੀ ਬਿੱਲ ਪਾਸ ਕਰਵਾ ਕੇ ਆਪਣੇ ਨਿੱਜੀ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾ ਕੇ ਕੁੱਲ 14,46,550 ਰੁਪਏ ਗਬਨ ਕੀਤਾ ਸੀ। ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਰੇਂਜ ਵਿਖੇ ਵਿਖੇ ਉਕਤ ਤਿੰਨੋਂ ਮੁਲਜ਼ਮਾਂ ਡਾ. ਚਾਹਲ, ਰਣਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 409, 467, 468, 471, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 13 (1) ਏ ਅਤੇ 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਡਾ. ਚਾਹਲ ਅਤੇ ਰਣਜੀਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Inder Prajapati

Content Editor

Related News