ਰੂਪਨਗਰ 'ਚ ਲੁਟੇਰਿਆਂ ਦਾ ਕਹਿਰ, ATM ਤੋੜ ਕੇ ਕੈਸ਼ ਲੁੱਟਣ ਦੀ ਕੀਤੀ ਕੋਸ਼ਿਸ਼
Wednesday, Feb 06, 2019 - 06:23 PM (IST)

ਰੂਪਨਗਰ (ਸੱਜਣ ਸੈਣੀ,ਵਿਜੇ)— ਬੀਤੀ ਰਾਤ ਚੋਰਾਂ ਵੱਲੋਂ ਰੋਪੜ-ਮਨਾਲੀ ਨੈਸ਼ਨਲ ਹਾਈਵੇਅ-205 'ਤੇ ਸਥਿਤ ਗੁਰਦੁਆਰਾ ਭੱਠਾ ਸਾਹਿਬ ਚੌਕ 'ਚ ਐੱਸ. ਬੀ. ਆਈ. ਦੇ ਏ. ਟੀ. ਐੱਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਏ. ਟੀ. ਐੱਮ. ਨੂੰ ਬੁਰੀ ਤਰ੍ਹਾਂ ਤੋੜ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਮਸ਼ੀਨ 'ਚ ਪਏ ਕੈਸ਼ ਨੂੰ ਨੁਕਸਾਨ ਨਹੀਂ ਪਹੁੰਚਿਆ।
ਇਸ ਦੀ ਸੂਚਨਾ ਸਵੇਰੇ ਕਰੀਬ ਦਸ ਵਜੇ ਸਥਾਨਕ ਲੋਕਾਂ ਵੱਲੋਂ ਪੁਲਸ ਨੂੰ ਦਿੱਤੀ ਗਈ। ਵੱਡੀ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਰੀਬ ਦਸ ਵਜੇ ਤੱਕ ਵੀ ਐੱਸ. ਬੀ. ਆਈ. ਬੈਂਕ ਦੇ ਅਧਿਕਾਰੀਆਂ ਨੂੰ ਆਪਣੇ ਏ. ਟੀ. ਐੱਮ ਟੁੱਟਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਚੋਰਾਂ ਵੱਲੋਂ ਏ. ਟੀ. ਐੱਮ ਦੇ ਨਾਲ-ਨਾਲ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਗਈਆਂ ਹਨ। ਫਿਲਹਾਲ ਪੁਲਸ ਹੁਣ ਏ. ਟੀ. ਐੱਮ ਦੇ ਡੀ. ਪੀ. ਆਰ. ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਚੋਰਾਂ ਦਾ ਕੋਈ ਸੁਰਾਗ ਲੱਗ ਸਕੇ। ਪਤਾ ਚੱਲਿਆ ਹੈ ਕਿ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਉਕਤ ਏ. ਟੀ. ਐੱਮ ਨੂੰ ਤੋੜ ਕੇ ਕੈਸ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਮਸ਼ੀਨ 'ਚੋਂ ਕੈਸ਼ ਨਹੀਂ ਕੱਢ ਪਾਏ। ਉਸ ਦੇ ਬਾਅਦ ਅਰੋਪੀ ਏ. ਟੀ. ਐੱਮ. ਛੱਡ ਕੇ ਫਰਾਰ ਹੋ ਗਏ। ਇਹ ਵੀ ਪਤਾ ਚੱਲਿਆ ਹੈ ਕਿ ਉਕਤ ਏ. ਟੀ. ਐੱਮ 'ਤੇ ਕੋਈ ਸਕਿਓਰਿਟੀ ਗਾਰਡ ਨਹੀਂ ਸੀ।
ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ ਗੁਰਵਿੰਦਰ ਸਿੰਘ ਅਤੇ ਸਿਟੀ ਥਾਣਾ ਪ੍ਰਭਾਰੀ ਰਾਜਪਾਲ ਸਿੰਘ ਗਿੱਲ ਮੌਕੇ 'ਤੇ ਪਹੁੰਚ ਗਏ। ਐੱਸ. ਐੱਚ. ਓ. ਸਿਟੀ ਰਾਜਪਾਲ ਸਿੰਘ ਨੇ ਦੱਸਿਆ ਕਿ ਸਿਰਫ ਏ. ਟੀ. ਐੱਮ. ਮਸ਼ੀਨ ਨੂੰ ਨੁਕਸਾਨ ਪਹੁੰਚਿਆ ਪਰ ਕੈਸ਼ ਚੋਰੀ ਦੀ ਕੋਈ ਸੂਚਨਾ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਏ. ਟੀ. ਐੱਮ. ਮਸ਼ੀਨ ਨਾਲ ਤੋੜ ਫੋੜ ਕਰਨ ਅਤੇ ਉੱਥੋ ਕੈਸ਼ ਚੋਰੀ ਕਰਨ ਦੇ ਯਤਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਐੱਸ. ਬੀ. ਆਈ. ਵੱਲੋਂ ਇਹ ਏ. ਟੀ. ਐੱਮ. ਐੱਫ. ਆਈ. ਐੱਸ. ਕੰਪਨੀ ਨੂੰ ਆਊਟ ਸੋਰਸ ਕੀਤਾ ਗਿਆ ਸੀ। ਜਦੋਂ ਏ. ਟੀ. ਐੱਮ. ਨਾਲ ਸਬੰਧਤ ਆਊਟ ਸੋਰਸ ਕੰਪਨੀ ਐੱਫ. ਆਈ. ਐੱਸ. ਦੇ ਅਧਿਕਾਰੀ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਉੱਤਰ ਦੇਣ ਤੋਂ ਇੰਨਕਾਰ ਕਰ ਦਿੱਤਾ। ਦੂਜੇ ਪਾਸੇ ਐੱਸ. ਬੀ. ਆਈ. ਦੇ ਡਿਪਟੀ ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਉਕਤ ਏ. ਟੀ. ਐੱਮ. ਨੂੰ ਉਕਤ ਕੰਪਨੀ ਦੇ ਕੋਲ ਆਊਟ ਸੋਰਸ ਕੀਤਾ ਹੈ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਕੰਪਨੀ ਦੀ ਹੈ ਕਿ ਉਹ ਉੱਥੇ ਸਕਿਓਰਿਟੀ ਗਾਰਡ ਜ਼ਰੂਰ ਰੱਖੇ। ਉਕਤ ਏ. ਟੀ. ਐੱਮ. ਦਾ ਸਾਰਾ ਰਿਕਾਰਡ ਸਬੰਧਤ ਕੰਪਨੀ ਕੋਲ ਹੈ, ਜਿਸ ਤੋਂ ਰਿਪੋਰਟ ਮੰਗੀ ਜਾ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ 'ਤੇ ਚੋਰੀ ਹੋਈ ਉਹ ਬਿਲਕੁਲ ਭੀੜ ਭਾੜ ਭਰਿਆ ਇਲਾਕਾ ਹੈ ਅਤੇ ਨੈਸ਼ਨਲ ਹਾਈਵੇਅ ਹੋਣ ਕਰਕੇ 24 ਘੰਟੇ ਚੱਲਦਾ ਰਹਿੰਦਾ ਹੈ। ਇਸ ਚੋਰੀ ਦੇ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਰੂਪਨਗਰ ਸਮੇਤ ਮੋਰਿੰਡਾ ਅਤੇ ਹੋਰ ਜ਼ਿਲੇ ਭਰ 'ਚ ਚੋਰਾਂ ਨੇ ਕਾਫੀ ਆਤੰਕ ਮਚਾ ਰੱਖਿਆ ਹੈ।