ਸਾਊਦੀ ਅਰਬ ਤੇ ਕੁਵੈਤ ''ਚ ਫਸੇ ਨੌਜਵਾਨਾਂ ਨੇ ਦੇਸ਼ ਵਾਪਸੀ ਲਈ ਭਗਵੰਤ ਮਾਨ ਅੱਗੇ ਲਾਈ ਗੁਹਾਰ
Saturday, Jul 27, 2019 - 01:01 PM (IST)

ਸ਼ੇਰਪੁਰ(ਸਿੰਗਲਾ) : ਪਿਛਲੇ ਕੁਝ ਸਮੇਂ 'ਚ ਹੀ ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ਾਂ 'ਚ ਫਸ ਜਾਣ ਦੀਆਂ ਵੀਡੀਓਜ਼ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਨੂੰ ਪਾਲਣ ਲਈ ਰੋਜ਼ਗਾਰ ਦੀ ਆਸ ਲਾ ਕੇ ਏਜੰਟ ਹੱਥ ਲੱਖਾਂ ਦੀ ਨਕਦੀ ਲੁਟਾਉਣ ਤੋਂ ਬਾਅਦ ਵਿਦੇਸ਼ ਗਏ ਨੌਜਵਾਨ ਓਧਰ ਧੋਖੇ ਦਾ ਸ਼ਿਕਾਰ ਹੋ ਕੇ ਫਸ ਜਾਂਦੇ ਹਨ, ਜਿਨ੍ਹਾਂ ਦਾ ਉੱਥੇ ਮਾਨਸਕ, ਸਰੀਰਕ ਅਤੇ ਆਰਥਕ ਤੌਰ 'ਤੇ ਸ਼ੋਸ਼ਣ ਹੁੰਦਾ ਹੈ। ਅਜਿਹੇ ਹਾਲਾਤਾਂ ਵਿਚ ਫਸੇ ਨੌਜਵਾਨਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅੱਗੇ ਵਿਦੇਸ਼ ਤੋਂ ਦੇਸ਼ ਵਾਪਸ ਆਉਣ ਲਈ ਗੁਹਾਰ ਲਾਈ ਜਾ ਰਹੀ ਹੈ।
ਇਸ ਤਰ੍ਹਾਂ ਦੀਆਂ ਦੋ ਹੋਰ ਵੀਡੀਓ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿਚ ਨੌਜਵਾਨਾਂ ਵੱਲੋਂ ਵਿਦੇਸ਼ 'ਚ ਹੋ ਰਹੀਆਂ ਧੱਕੇਸ਼ਾਹੀ ਅਤੇ ਬੇਇਨਸਾਫੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਪਹਿਲੀ ਵੀਡੀਓ 'ਚ ਰਵੇਲ ਸਿੰਘ ਪੁੱਤਰ ਕਸ਼ਮੀਰ ਸਿੰਘ ਪਿੰਡ ਲੱਕੜਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਕੁਵੈਤ ਵਿਚ ਫਸਿਆ ਹੋਇਆ ਹੈ ਅਤੇ ਏਜੰਟ ਨੇ ਇੱਥੇ ਕੰਪਨੀ 'ਚ ਪੈਕਿੰਗ ਦਾ ਕੰਮ ਕਰਨ ਲਈ ਕਹਿ ਕੇ ਭੇਜਿਆ ਸੀ, ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਕਿਸੇ ਕੁਵੈਤੀ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮੇਰੇ ਤੋਂ ਮਾਲ-ਡੱਗਰ ਦਾ ਕੰਮ ਕਰਵਾਇਆ ਜਾਂਦਾ ਹੈ। ਰਵੇਲ ਸਿੰਘ ਦੇ ਵੀਡੀਓ 'ਚ ਦੱਸਣ ਅਨੁਸਾਰ ਉਸਦੀ ਕੁੱਟ-ਮਾਰ ਕੀਤੀ ਜਾਂਦੀ ਹੈ ਅਤੇ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ। ਰਵੇਲ ਸਿੰਘ ਵੱਲੋਂ ਵਾਰ-ਵਾਰ ਵਿਦੇਸ਼ ਤੋਂ ਦੇਸ਼ ਆਉਣ ਲਈ ਵੀਡੀਓ ਵਿਚ ਗੁਹਾਰ ਲਾਉਂਦੇ ਹੋਏ ਭਗਵੰਤ ਮਾਨ ਤੋਂ ਮਦਦ ਮੰਗੀ ਜਾ ਰਹੀ ਹੈ
ਜਦਕਿ ਦੂਜੀ ਵੀਡੀਓ 'ਚ ਵੀ ਨੌਜਵਾਨ ਸੁਖਪ੍ਰੀਤ ਸਿੰਘ ਪਿੰਡ ਚਕਰ ਹਲਕਾ ਜਗਰਾਓਂ ਦਾ ਰਹਿਣ ਵਾਲਾ ਦੱਸ ਰਿਹਾ ਹੈ। ਸੁਖਪ੍ਰੀਤ ਨੇ ਦੱਸਿਆ ਕਿ ਉਸ ਦਾ ਵੀਡੀਓ ਬਣਾਉਣ ਦਾ ਉਦੇਸ਼ ਇਹੀ ਹੈ ਕਿ ਉਹ ਦੱਸ ਸਕੇ ਕਿ ਉਹ ਇਸ ਵੇਲੇ ਸਾਊਦੀ ਅਰਬ 'ਚ ਫਸ ਚੁੱਕਿਆ ਹੈ। ਉਸ ਨੂੰ ਸਾਊਦੀ ਅਰਬ ਆਏ ਨੂੰ 8-9 ਮਹੀਨੇ ਹੋ ਗਏ ਹਨ, ਉਸ ਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਅਤੇ ਮਾਲਕ ਧੱਕੇ ਨਾਲ ਕੰਮ ਕਰਵਾਉਂਦਾ ਹੈ। ਸੁਖਪ੍ਰੀਤ ਨੇ ਆਪਣੇ ਹਲਕਾ ਜਗਰਾਓਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਵਿਦੇਸ਼ ਤੋਂ ਦੇਸ਼ ਲਿਆਉਣ ਲਈ ਮਦਦ ਕੀਤੀ ਜਾਵੇ।
ਇਸ ਸਬੰਧੀ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਹ ਸਭ ਕੁਝ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋ ਰਿਹਾ ਹੈ ਕਿਉਂਕਿ ਨੌਜਵਾਨ ਵਰਗ ਅਤੇ ਪੰਜਾਬ ਦੇ ਲੋਕਾਂ ਨੂੰ ਘਰ-ਘਰ ਨੌਕਰੀਆਂ ਦੇਣ ਦੀਆਂ ਝੂਠੀਆਂ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਹਨ। ਬੇਰੋਜ਼ਗਾਰੀ ਅਤੇ ਨਸ਼ਿਆਂ ਕਾਰਣ ਪੰਜਾਬ ਦੇ ਘਰਾਂ 'ਚ ਚੁੱਲ੍ਹਿਆਂ ਦੀ ਅੱਗ ਬੁਝ ਰਹੀ ਹੈ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਕਾਰਨ ਪੰਜਾਬ ਦਾ ਮਾਹੌਲ ਡਰ ਵਾਲਾ ਬਣਿਆ ਹੋਇਆ ਹੈ। ਭਗਵੰਤ ਮਾਨ ਨੇ ਭਰੇ ਮਨ ਨਾਲ ਕਿਹਾ ਕਿ ਉਹ ਰਵੇਲ ਸਿੰਘ ਤੇ ਸੁਖਪ੍ਰੀਤ ਸਿੰਘ ਨੂੰ ਵਿਦੇਸ਼ ਤੋਂ ਦੇਸ਼ ਵਾਪਸ ਲਿਆਉਣ ਲਈ ਤੁਰੰਤ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰਨਗੇ ਅਤੇ ਦੋਵੇਂ ਨੌਜਵਾਨਾਂ ਨੂੰ ਜਲਦ ਵਾਪਸ ਬੁਲਾ ਲਿਆ ਜਾਵੇਗਾ।