ਪੰਜਾਬ ਤੇ ਚੰਡੀਗੜ੍ਹ ''ਚ ਹਜ਼ਾਰਾਂ ਮਜ਼ਦੂਰਾਂ ਨੇ ਕੀਤਾ ''ਸੱਤਿਆਗ੍ਰਹਿ''
Wednesday, Jan 31, 2018 - 01:47 PM (IST)
ਚੰਡੀਗੜ੍ਹ (ਭੁੱਲਰ) : ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਮੰਗਲਵਾਰ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ 'ਚ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹੋਏ ਦੇਸ਼ ਪੱਧਰੀ ਐਕਸ਼ਨ ਤਹਿਤ ਪੰਜਾਬ ਅਤੇ ਚੰਡੀਗੜ੍ਹ 'ਚ ਹਜ਼ਾਰਾਂ ਮਜ਼ਦੂਰਾਂ ਨੇ ਸਰਕਾਰੀ ਦਫ਼ਤਰਾਂ ਨੇੜੇ ਸੱਤਿਆਗ੍ਰਹਿ ਕੀਤਾ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ 50 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਰੋਸ ਮੁਜ਼ਾਹਰੇ ਕਰਦੇ ਹੋਏ ਸਰਕਾਰੀ ਦਫ਼ਤਰਾਂ ਵੱਲ ਕੂਚ ਕਰਕੇ ਆਪਣੇ-ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ ਪਰ ਪੁਲਸ ਵਲੋਂ ਬਹੁਤੇ ਥਾਵਾਂ 'ਤੇ ਗ੍ਰਿਫ਼ਤਾਰੀ ਤੋਂ ਨਾਂਹ ਕਰ ਦਿੱਤੀ ਗਈ। ਨਵਾਂਸ਼ਹਿਰ, ਰੋਪੜ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਮੁਕਤਸਰ ਸਾਹਿਬ, ਮੋਗਾ, ਰਾਏਕੋਟ ਅਤੇ ਬਠਿੰਡਾ ਤੇ ਫਰੀਦਕੋਟ ਵਰਗੇ ਪ੍ਰਮੁੱਖ ਕੇਂਦਰਾਂ ਵਿਚ ਵਿਸ਼ਾਲ ਪ੍ਰਦਰਸ਼ਨਾਂ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਵਿਚ ਵੀ ਸੈਕਟਰ-17 ਵਿਚ ਰੋਸ ਰੈਲੀ ਕੀਤੀ ਗਈ।
ਇਨ੍ਹਾਂ ਰੈਲੀ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਸੀਟੂ ਪੰਜਾਬ ਦੇ ਪ੍ਰਧਾਨ ਵਿਜੇ ਮਿਸ਼ਰਾ, ਜਨਰਲ ਸਕੱਤਰ ਰਘੁਨਾਥ ਸਿੰਘ, ਇੰਟਕ ਦੇ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਏਟਕ ਦੇ ਪ੍ਰਧਾਨ ਬੰਤ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਏਕਟੂ ਦੇ ਪ੍ਰਧਾਨ ਗੁਲਜ਼ਾਰ ਸਿੰਘ, ਜਨਰਲ ਸਕੱਤਰ ਰਾਜਵਿੰਦਰ ਸਿੰਘ ਰਾਣਾ, ਸੈਂਟਰਲ ਟ੍ਰੇਡ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਤੇ ਜਨਰਲ ਸਕੱਤਰ ਨੱਥਾ ਸਿੰਘ ਤੋਂ ਇਲਾਵਾ ਚੰਡੀਗੜ੍ਹ ਦੇ ਆਗੂ ਕਾਮਰੇਡ ਦੇਵੀ ਦਿਆਲ ਦੇ ਨਾਂ ਜ਼ਿਕਰਯੋਗ ਹਨ।
ਟਰੇਡ ਯੂਨੀਅਨਾਂ ਦੇ ਮਜ਼ਦੂਰਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਹੋਣ 'ਤੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਚਿਤਾਵਨੀ ਦਿੱਤੀ ਗਈ ਹੈ। ਕਿਰਤ ਵਿਭਾਗ ਨੂੰ ਮਜ਼ਬੂਤ ਕੀਤੇ ਜਾਣ, ਵਿਦੇਸ਼ੀ ਪੂੰਜੀ ਨਿਵੇਸ਼ 'ਤੇ ਰੋਕ, ਹਰ ਕਿਰਤੀ ਲਈ ਘੱਟੋ-ਘੱਟ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਗ੍ਰੈਚੁਟੀ ਦੀ ਰਕਮ ਦੁੱਗਣੀ ਕਰਨ, ਠੇਕਾ ਅਤੇ ਆਊਟਸੋਰਸਿੰਗ ਆਦਿ ਪ੍ਰਣਾਲੀ ਰਾਹੀਂ ਭਰਤੀ ਕਾਮਿਆਂ ਨੂੰ ਰੈਗੂਲਰ ਕਰਨ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੀ ਗਾਰੰਟੀ ਦੇਣ ਅਤੇ ਘੱਟੋ-ਘੱਟ ਉਜਰਤ 18 ਹਜ਼ਾਰ ਰੁਪਏ ਮਹੀਨੇ ਕਰਨ ਦੀਆਂ ਮੰਗਾਂ ਮੁੱਖ ਤੌਰ 'ਤੇ ਸ਼ਾਮਲ ਹਨ।
