ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਜਾਣੋ ਕੀ ਹੈ ਮਾਮਲਾ

10/03/2017 12:06:01 PM

ਮਾਛੀਵਾੜਾ : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਹਾਰਨ ਵਾਲੀ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਅਨਾਜ ਮੰਡੀ 'ਚ ਨਿਯਮਾਂ ਦੀਆਂ ਉਸ ਸਮੇਂ ਧੱਜੀਆਂ ਉਡਾ ਦਿੱਤੀਆਂ, ਜਦੋਂ ਉਹ ਅਨਾਜ ਮੰਡੀ ਦੇ ਪ੍ਰਸ਼ਾਸਕ (ਐੱਸ. ਡੀ. ਐੱਮ.) ਦੀ ਕੁਰਸੀ 'ਤੇ ਬੈਠ ਗਈ। ਮੌਕੇ 'ਤੇ ਮੌਜੂਦ ਮੁਲਾਜ਼ਮ ਉਨ੍ਹਾਂ ਨੂੰ ਰੋਕਣ ਦੀ ਬਜਾਏ ਆਪਣੇ ਸੀਨੀਅਰ ਅਧਿਕਾਰੀ ਦੀ ਕੁਰਸੀ 'ਤੇ ਬੈਠੀ ਗਾਇਕਾ ਨੂੰ ਮੂਕ ਦਰਸ਼ਕ ਬਣਕੇ ਦੇਖਦੇ ਰਹੇ।
ਜਾਣਕਾਰੀ ਮੁਤਾਬਕ ਗਾਇਕਾ ਸਤਵਿੰਦਰ ਬਿੱਟੀ ਸਾਹਨੇਵਾਲ ਅਨਾਜ ਮੰਡੀ 'ਚ ਆਪਣੇ ਸਾਥੀਆਂ ਨਾਲ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਆਈ ਸੀ। ਮਾਰਕਿਟ ਕਮੇਟੀ ਸਾਹਨੇਵਾਲ ਦੇ ਸਕੱਤਰ ਦੇ ਤਕਰੀਬਨ ਇਕ ਮਹੀਨਾ ਪਹਿਲਾਂ ਸੇਵਾਮੁਕਤ ਹੋਣ ਕਾਰਨ ਇਹ ਅਸਾਮੀ ਖਾਲੀ ਪਈ ਹੈ। ਕੈਪਟਨ ਸਰਕਾਰ ਨੇ ਅਕਾਲੀ-ਭਾਜਪਾ ਸਰਕਾਰ ਵਲੋਂ ਲਾਏ ਚੇਅਰਮੈਨਾਂ ਨੂੰ ਵੀ ਹਟਾ ਦਿੱਤਾ ਸੀ, ਜਿਨ੍ਹਾਂ ਦੀ ਥਾਂ ਇਲਾਕੇ ਦੇ ਐੱਸ. ਡੀ. ਐੱਮ. ਨੂੰ ਪ੍ਰਸ਼ਾਸਕ ਲਾਇਆ ਗਿਆ ਹੈ। ਇਸੇ ਤਰ੍ਹਾਂ ਸਾਹਨੇਵਾਲ ਅਨਾਜ ਮੰਡੀ 'ਚ ਵੀ ਐੱਸ. ਡੀ. ਐੱਮ. ਪੂਰਬੀ ਅਮਰਜੀਤ ਸਿੰਘ ਬੈਂਸ ਨੂੰ ਪ੍ਰਸ਼ਾਸਕ ਲਾਇਆ ਗਿਆ ਹੈ। ਬੀਤੇ ਦਿਨ ਜਦੋਂ ਸਤਵਿੰਦਰ ਬਿੱਟੀ ਐੱਸ. ਡੀ. ਐੱਮ. ਦਫਤਰ ਪੁੱਜੀ ਤਾਂ ਉਹ ਸ਼ਾਇਦ ਭੁੱਲ ਗਈ ਕਿ ਨਾ ਤਾਂ ਉਨ੍ਹਾਂ ਕੋਲ ਕੋਈ ਪ੍ਰਸ਼ਾਸਨਿਕ ਤਾਕਤ ਹੈ ਅਤੇ ਨਾ ਹੀ ਉਹ ਵਿਧਾਇਕ ਹਨ। ਉਨ੍ਹਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਐੱਸ. ਡੀ. ਐੱਮ. ਦੀ ਕੁਰਸੀ ਮੱਲ ਲਈ। ਇਸ ਸਬੰਧੀ ਜਦੋਂ ਲੇਖਾਕਾਰ ਹਿੰਮਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਮੰਡੀ 'ਚ ਸਨ। ਇਹ ਤਾਂ ਬੈਠਣ ਵਾਲੇ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕੋਲ ਕੀ ਅਧਿਕਾਰ ਹੈ। ਐੱਸ. ਡੀ. ਐੱਮ. ਪੂਰਬੀ ਅਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਤਰ੍ਹਾਂ ਕੁਰਸੀ 'ਤੇ ਕੋਈ ਨਹੀਂ ਬੈਠ ਸਕਦਾ ਅਤੇ ਉਹ ਇਸ ਦੀ ਜਾਂਚ ਕਰਾਉਣਗੇ। 


Related News