ਸਤਲੁਜ ਦਰਿਆ ''ਚ ਠੇਕੇਦਾਰਾਂ ਵਲੋਂ ਕਰੋੜਾਂ ਦੀ ਅਦਾਇਗੀ ਨਾ ਦੇਣ ''ਤੇ ਮਾਨਤਾ ਪ੍ਰਾਪਤ ਖੱਡਾਂ ਬੰਦ

11/28/2019 4:02:53 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤਾ ਐਲਾਨ ਕਿ ਸੂਬੇ ਵਿਚ ਕਿਤੇ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਵਾਂਗਾ, ਉਹ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੇਵਲ ਐਲਾਨ ਹੀ ਰਹਿ ਗਿਆ ਕਿਉਂਕਿ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ 'ਚ ਰੇਤੇ ਦੀ ਨਿਕਾਸੀ ਹੋਣ ਕਾਰਨ ਰੋਜ਼ਾਨਾ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ ਅਤੇ ਇਹ ਸਭ ਕੁਝ ਪੁਲਸ ਪ੍ਰਸ਼ਾਸਨ ਤੇ ਸੱਤਾ ਧਿਰ ਦੇ ਆਗੂਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ।
ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਦੇ ਨਵਾਂਸ਼ਹਿਰ ਜ਼ਿਲੇ ਦੀ ਹਦੂਦ 'ਚ ਸਰਕਾਰ ਵਲੋਂ ਬੋਲੀ ਰਾਹੀਂ 2 ਮਾਨਤਾ ਪ੍ਰਾਪਤ ਖੱਡਾਂ ਬੈਰਸਾਲ ਤੇ ਮੰਢਾਲਾ ਸ਼ੁਰੂ ਕੀਤੀਆਂ ਸਨ। ਇਨ੍ਹਾਂ ਰੇਤ ਦੀਆਂ ਖੱਡਾਂ 'ਚੋਂ ਨਿਕਾਸੀ ਜ਼ੋਰਾਂ 'ਤੇ ਚੱਲਦੀ ਰਹੀ ਪਰ ਠੇਕੇਦਾਰਾਂ ਵਲੋਂ ਖੱਡਾਂ ਇੰਨੀਆਂ ਮਹਿੰਗੀਆਂ ਲੈ ਲਈਆਂ ਕਿ ਕਿਸ਼ਤਾਂ ਦੀ ਅਦਾਇਗੀ ਵੀ ਸੰਭਵ ਨਾ ਹੋ ਸਕੀ। ਨਵਾਂਸ਼ਹਿਰ ਜ਼ਿਲੇ ਦੀ ਖੱਡ ਬੈਰਸਾਲ 4 ਕਰੋੜ, ਜਦਕਿ ਮੰਢਾਲਾ ਸਾਢੇ 3 ਕਰੋੜ ਪ੍ਰਤੀ ਸਾਲ ਦੇ ਹਿਸਾਬ ਨਾਲ ਨੀਲਾਮ ਹੋਈ। ਇਨ੍ਹਾਂ ਖੱਡਾਂ 'ਚ ਬਰਸਾਤੀ ਸੀਜ਼ਨ ਤੋਂ ਪਹਿਲਾਂ 30 ਸਤੰਬਰ ਤੱਕ ਰੇਤੇ ਦੀ ਨਿਕਾਸੀ ਹੁੰਦੀ ਰਹੀ ਪਰ ਮੁੜ ਸ਼ੁਰੂ ਨਾ ਹੋ ਸਕੀਆਂ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਠੇਕੇਦਾਰਾਂ ਵੱਲ ਸਰਕਾਰ ਦਾ ਕਰੋੜਾਂ ਰੁਪਏ ਬਕਾਇਆ ਹੈ।

ਨਵਾਂਸ਼ਹਿਰ ਮਾਈਨਿੰਗ ਅਧਿਕਾਰੀ ਰਵਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਬੈਰਸਾਲ ਤੇ ਮੰਢਾਲਾ ਰੇਤ ਦੀਆਂ ਖੱਡਾਂ ਦੇ ਠੇਕੇਦਾਰਾਂ ਵੱਲ ਕਰੀਬ 1-1 ਕਰੋੜ ਤੋਂ ਵੱਧ ਅਦਾਇਗੀ ਬਕਾਇਆ ਹੈ, ਜਦੋਂ ਤੱਕ ਉਹ ਬਣਦੀ ਰਾਸ਼ੀ ਵਿਭਾਗ ਕੋਲ ਜਮ੍ਹਾ ਨਹੀਂ ਕਰਵਾ ਦਿੰਦੇ ਇਥੋਂ ਨਿਕਾਸੀ ਸੰਭਵ ਨਹੀਂ। ਮਾਈਨਿੰਗ ਵਿਭਾਗ ਵਲੋਂ ਮਾਨਤਾ ਪ੍ਰਾਪਤ ਖੱਡਾਂ ਤੋਂ ਨਿਕਾਸੀ ਬੰਦ ਕਰਵਾ ਦਿੱਤੀ ਗਈ ਪਰ ਹੁਣ ਦਰਿਆ ਵਿਚ ਰੋਜ਼ਾਨਾ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਹੈ ਅਤੇ ਜ਼ਿਲਾ ਨਵਾਂਸ਼ਹਿਰ ਦੀ ਹਦੂਦ ਅੰਦਰ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰੋਜ਼ਾਨਾ ਮਸ਼ੀਨਾਂ ਰਾਹੀਂ ਰਾਤ ਹਨੇਰੇ ਵਿਚ ਰੇਤ ਦੇ ਟਿੱਪਰ, ਟਰਾਲੀਆਂ ਭਰੇ ਜਾਂਦੇ ਹਨ ਅਤੇ ਦਿਨ ਚੜ੍ਹਦੇ ਸਾਰ ਹੀ ਚਿੱਟੇ ਸੋਨੇ ਦੀ ਸਮੱਗਲਿੰਗ ਦਾ ਕੰਮ ਬੰਦ ਹੋ ਜਾਂਦਾ ਹੈ।


Babita

Content Editor

Related News