ਸਤਿੰਦਰ ਸਰਤਾਜ ਦੇ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, SHO ਨਾਲ ਹੱਥੋਪਾਈ-''ਮੈਂ ਤੇਰੀਆਂ ਫੀਤੀਆ ਲਹਾ ਦਿਆਂਗਾ''...

Tuesday, Oct 14, 2025 - 11:08 AM (IST)

ਸਤਿੰਦਰ ਸਰਤਾਜ ਦੇ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ, SHO ਨਾਲ ਹੱਥੋਪਾਈ-''ਮੈਂ ਤੇਰੀਆਂ ਫੀਤੀਆ ਲਹਾ ਦਿਆਂਗਾ''...

ਲੁਧਿਆਣਾ : ਪੰਜਾਬ ਦੇ ਲੁਧਿਆਣਾ ਸਥਿਤ ਪੀ.ਏ.ਯੂ. ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ 'ਚ ਸੋਮਵਾਰ ਰਾਤ ਨੂੰ ਭਾਰੀ ਹੰਗਾਮਾ ਹੋਇਆ। ਇਸ ਪ੍ਰੋਗਰਾਮ ਦੌਰਾਨ ਇੱਕ ਵਿਅਕਤੀ ਦੀ ਥਾਣਾ ਡਿਵੀਜ਼ਨ ਨੰਬਰ 4 ਦੇ ਐੱਸ.ਐੱਚ.ਓ. ਗਗਨਦੀਪ ਸਿੰਘ ਨਾਲ ਹੱਥੋਪਾਈ ਹੋ ਗਈ। ਸ਼ੋਅ ਦੇਖਣ ਆਏ ਇੱਕ ਵਿਅਕਤੀ ਨੇ ਨਾ ਸਿਰਫ ਪੁਲਸ ਅਧਿਕਾਰੀ ਨਾਲ ਬਹਿਸ ਕੀਤੀ, ਸਗੋਂ ਉਸ ਨੂੰ ਧੱਕਾ ਵੀ ਦਿੱਤਾ ਅਤੇ ਉਸਦੀ ਵਰਦੀ 'ਤੇ ਹੱਥ ਤੱਕ ਪਾ ਦਿੱਤਾ। ਇਸ ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਵਿਅਕਤੀ ਸ਼ੋਅ ਵਾਲੀ ਥਾਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਭੀੜ ਜ਼ਿਆਦਾ ਹੋਣ ਕਾਰਨ ਐੱਸ.ਐੱਚ.ਓ. ਨੇ ਰੋਕਿਆ।

ਵਿਅਕਤੀ ਨੇ ਪੁਲਸ ਅਧਿਕਾਰੀ ਨੂੰ ਸਿੱਧੀ ਧਮਕੀ ਦਿੰਦੇ ਹੋਏ ਕਿਹਾ ਕਿ ਉਹ 'ਤੇਰੀਆਂ ਫੀਤੀਆਂ ਉਤਰਵਾ ਕੇ ਰਹੇਗਾ'। ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਬਾਅਦ ਵਿੱਚ ਦੱਸਿਆ ਕਿ ਵਿਅਕਤੀ ਨੇ ਉਨ੍ਹਾਂ ਨੂੰ 4 ਵਾਰ ਵਰਦੀ ਉਤਰਵਾਉਣ ਦੀ ਧਮਕੀ ਦਿੱਤੀ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਸ਼ੋਅ ਹਾਊਸ ਫੁੱਲ ਹੋਣ ਕਾਰਨ ਲੋਕਾਂ ਨੂੰ ਬਾਹਰ ਰੋਕਿਆ ਜਾ ਰਿਹਾ ਸੀ ਅਤੇ ਉਹ ਉਸ ਬਜ਼ੁਰਗ ਵਿਅਕਤੀ ਨੂੰ ਇਸੇ ਕਾਰਨ ਅੰਦਰ ਜਾਣ ਤੋਂ ਰੋਕ ਰਹੇ ਸਨ। ਦੂਜੇ ਪਾਸੇ, ਉਸ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਅੰਦਰ ਸੀ ਅਤੇ ਉਹ ਉਸ ਨੂੰ ਨਾਲ ਲੈ ਕੇ ਨਿਕਲਣਾ ਚਾਹੁੰਦਾ ਸੀ। ਬਾਅਦ ਵਿੱਚ ਹੋਰ ਪੁਲਸ ਅਧਿਕਾਰੀਆਂ ਅਤੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ।

ਸਰਤਾਜ ਦੇ ਸ਼ੋਅ ਦੌਰਾਨ ਦਰਸ਼ਕਾਂ ਦੀ ਭੀੜ ਇੰਨੀ ਜ਼ਿਆਦਾ ਸੀ ਕਿ ਪੁਲਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਲੋਕਾਂ ਨੇ ਭਾਰੀ ਹੰਗਾਮਾ ਕਰਦਿਆਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਲੋਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀਆਂ ਛੱਤਾਂ 'ਤੇ ਚੜ੍ਹ ਗਏ ਸਨ। ਜ਼ਿਕਰਯੋਗ ਹੈ ਕਿ ਸਰਸ ਮੇਲਾ 7 ਅਕਤੂਬਰ ਤੋਂ ਚੱਲ ਰਿਹਾ ਹੈ। ਸਤਿੰਦਰ ਸਰਤਾਜ ਦਾ ਸ਼ੋਅ ਅਸਲ ਵਿੱਚ 10 ਅਕਤੂਬਰ ਨੂੰ ਨਿਰਧਾਰਤ ਕੀਤਾ ਗਿਆ ਸੀ, ਪਰ ਕਰਵਾ ਚੌਥ ਕਾਰਨ ਇਸ ਨੂੰ ਰੀ-ਸ਼ਡਿਊਲ ਕਰਕੇ 13 ਅਕਤੂਬਰ ਦੀ ਰਾਤ ਨੂੰ ਰੱਖਿਆ ਗਿਆ। ਇਸ ਤੋਂ ਪਹਿਲਾਂ ਕੰਵਰ ਗਰੇਵਾਲ, ਮਨਰਾਜ ਪਾਤਰ, ਦਿਲਪ੍ਰੀਤ ਢਿੱਲੋਂ, ਵਿੱਕੀ ਢਿੱਲੋਂ, ਪਰੀ ਪੰਧੇਰ, ਬਸੰਤ ਕੌਰ, ਗੁਰਨਾਮ ਭੁੱਲਰ, ਰਣਜੀਤ ਬਾਵਾ ਅਤੇ ਜੋਸ਼ ਬਰਾੜ ਵਰਗੇ ਕਲਾਕਾਰ ਪ੍ਰਫਾਰਮ ਕਰ ਚੁੱਕੇ ਹਨ।


author

DILSHER

Content Editor

Related News