...ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ!

12/20/2019 10:07:42 AM

ਚੱਕ ਢੇਰਾਂ/ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - 6 ਅਤੇ 7 ਪੋਹ ਦੀ ਦਰਮਿਆਨੀ ਰਾਤ ਸਰਸਾ ਨਦੀ ’ਤੇ ਪਰਿਵਾਰ ਵਿਛੋੜਾ ਪੈਣ ਉਪਰੰਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਗੁਰੂ ਜੀ ਵਾਂਗ ਸਰਸਾ ਪਾਰ ਕਰਨ ਦਾ ਕੋਈ ਵਸੀਲਾ ਨਾ ਲੱਭਾ ਤਾਂ ਉਹ ਸਰਸਾ ਦੇ ਵਹਾਅ ਨਾਲ ਕੰਢੇ-ਕੰਢੇ ਹੋ ਤੁਰੇ। ਭਾਰੀ ਮੀਂਹ ਕਾਰਨ ਸਾਹਿਬਜ਼ਾਦਿਆਂ ਦੇ ਭਿੱਜੇ ਵਸਤਰ ਜੰਗਲਨੁਮਾ ਖਿੱਤੇ ਦੀਆਂ ਕੰਡੇ-ਝਾੜੀਆਂ ’ਚ ਫਸ-ਫਸ ਕੇ ਫਟ ਰਹੇ ਸਨ। ਹੱਡਚੀਰਵੀਂ ਸਰਦੀ ਅਤੇ ਪੁਰੇ ਦੀ ਵਗਦੀ ਠੰਡੀ ਪੌਣ ਮਾਸੂਮ ਜਿਸਮਾਂ ’ਤੇ ਤਸ਼ੱਦਦ ਢਾਹ ਰਹੀ ਸੀ। ਠਰੂੰ-ਠਰੂੰ ਕਰਦੇ ਜਿਸਮਾਂ ਅਤੇ ਕੰਬਦੇ ਬੁੱਲ੍ਹਾਂ ’ਚੋਂ ਨਿਕਲਦੇ ਤੋਤਲੇ ਸਵਾਲ ਮਾਤਾ ਜੀ ਨੂੰ ਲਾਜਵਾਬ ਕਰ ਰਹੇ ਸਨ। ਸਾਹਿਬਜ਼ਾਦੇ ਪੁੱਛ ਰਹੇ ਸਨ, ਮਾਤਾ ਜੀ ਅਸੀਂ ਅਨੰਦਪੁਰ ਨੂੰ ਕਿਉਂ ਛੱਡ ਆਏ ਹਾਂ ਅਤੇ ਕਿੱਥੇ ਜਾ ਰਹੇ ਹਾਂ? ਸਾਡੇ ਵੱਡੇ ਵੀਰ ਅਤੇ ਪਿਤਾ ਜੀ ਵੀ ਨਹੀਂ ਦਿਸ ਰਹੇ? ਸਾਨੂੰ ਵੈਰੀ ਮੁੜ-ਮੁੜ ਕੇ ਕਿਉਂ ਘੇਰ ਰਹੇ ਹਨ ਅਤੇ ਲੜ ਰਹੇ ਹਨ? ਅਸੀਂ ਪਿਤਾ ਜੀ, ਮਾਤਾਵਾਂ ਅਤੇ ਭਰਾਵਾਂ ਨੂੰ ਕਦੋਂ ਮਿਲਾਂਗੇ? ਅਸੀਂ ਛੱਡੇ ਘਰ ਨੂੰ ਫਿਰ ਕਦੋਂ ਪਰਤਾਂਗੇ? ਮਾਤਾ ਜੀ ਦੋਵਾਂ ਹੱਥਾਂ ਦੀਆਂ ਉਂਗਲਾਂ ਫੜ ਕੇ ਤੁਰੇ ਜਾ ਰਹੇ ਲਾਲਾਂ ਨੂੰ ਫਰਜ਼ੀ ਜਿਹੇ ਜੁਆਬ ਦਿੰਦੇ ਜਾ ਰਹੇ ਸਨ ਜਦਕਿ ਅਸਲ ਮੁਕਾਮ ਦਾ ਇਲਮ ਮਾਤਾ ਜੀ ਨੂੰ ਵੀ ਨਹੀਂ ਸੀ। ਲੰਬਾ ਪੈਂਡਾ ਕਰ ਕੇ ਸਰਸਾ ਦਾ ਵਹਾਅ ਜਿਥੇ ਸਤਲੁਜ ’ਚ ਜਾ ਕੇ ਅਭੇਦ ਹੋ ਗਿਆ, ਉਥੇ ਅਗਲੇ ਪੜਾਅ ਵੱਲ ਹੋਣ ਦੀ ਸੋਚ ਮੁੜ ਮਾਤਾ ਜੀ ’ਤੇ ਭਾਰੂ ਪੈ ਗਈ। ਘੁੱਪ ਹਨੇਰੀ ਰਾਤ ’ਚ ਇਕ ਕਿਨਾਰੇ ਸੂਖਮ ਪ੍ਰਕਾਸ਼ ਦਿੱਸਿਆ ਤਾਂ ਮਾਤਾ ਜੀ ਸਾਹਿਬਜ਼ਾਦਿਆਂ ਨਾਲ ਉਸ ਪਾਸੇ ਹੋ ਤੁਰੇ।

PunjabKesari

ਇਹ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਸੀ ਜਿਥੇ ਉਹ ਦਿਨ ਭਰ ਬੇੜੀਆਂ ਦੇ ਪੂਰ ਪਿੰਡ ਚੱਕ ਢੇਰਾਂ ਦੇ ਪੱਤਣਾਂ ਤੋਂ ਪਾਰ ਲੰਘਾ ਕੇ ਰਾਤ ਦਾ ਵੇਲਾ ਬਸਰ ਕਰਦੇ ਹੁੰਦੇ ਸਨ। ਮਾਤਾ ਜੀ ਨੂੰ ਸਾਹਿਬਜ਼ਾਦਿਆਂ ਸਣੇ ਆਪਣੀ ਛੰਨ ’ਚ ਬੇਵਕਤ ਮੌਕੇ ਪਹੁੰਚਣ ’ਤੇ ਪਹਿਲਾਂ ਤਾਂ ਬਾਬਾ ਕੁੰਮਾ ਮਾਸ਼ਕੀ ਹੈਰਾਨ ਹੋਏ ਅਤੇ ਮਾਤਾ ਜੀ ਵੱਲੋਂ ਸਵੈ-ਸ਼ਨਾਖਤ ਕਰਵਾਉਣ ਉਪਰੰਤ ਚਰਨਾਂ ’ਤੇ ਢਹਿ ਪਏ ਅਤੇ ਖੁਸ਼ੀ ’ਚ ਖੀਵੇ ਹੋ ਗਏ। ਇਹ ਵਿਛੋੜੇ ਦੀ ਰਾਤ ਦਾ ਬਾਕੀ ਬਚਿਆ ਇਕ ਹਿੱਸਾ ਸੀ ਜੋ ਮਾਤਾ ਜੀ ਨੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ’ਚ ਬਤਾਇਆ ਅਤੇ ਉਨ੍ਹਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਆਪਣੀ ਹੈਸੀਅਤ ਤੋਂ ਜ਼ਿਆਦਾ ਖਿਦਮਤ ਕੀਤੀ। ਇਥੋਂ ਦੀ ਵਸਨੀਕ ਹੀ ਮਾਤਾ ਲੱਛਮੀ ਸੀ, ਜਿਸ ਨੇ ਰਾਤ ਭਰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਦਿਨ ਚੜ੍ਹਦਿਆਂ ਜਦੋਂ ਮਾਤਾ ਜੀ ਬਾਬਾ ਕੁੰਮਾ ਮਾਸ਼ਕੀ ਦੇ ਕੋਲੋਂ ਰੁਖਸਤ ਹੋਣ ਲੱਗੇ ਤਾਂ ਇਸ ਸੇਵਾ ਤੋਂ ਪ੍ਰਸੰਨ ਹੋ ਕੇ ਮਾਤਾ ਜੀ ਨੇ 2 ਮੋਹਰਾਂ ਦੇ ਮੁੱਲ ਦੀ ਆਰਸੀ ਅਤੇ ਸੋਨੇ ਦੀਆਂ ਪੰਜ ਚੂੜੀਆਂ ਮਾਤਾ ਲੱਛਮੀ ਨੂੰ ਭੇਟ ਕੀਤੀਆਂ।

ਕਿਵੇਂ ਹੋਇਆ ਗੰਗੂ ਨਾਲ ਮਿਲਾਪ?
ਬਾਬਾ ਕੁੰਮਾ ਮਾਸ਼ਕੀ ਵੱਲੋਂ ਮਾਤਾ ਜੀ ਨੂੰ ਸਰਸਾ ਅਤੇ ਸਤਲੁਜ ਦੇ ਦੋਮੇਲ ਤੋਂ ਬੇੜੀ ਤੋਂ ਪਾਰ ਲੰਘਾਉਣ ਅਤੇ ਮਾਤਾ ਲੱਛਮੀ ਨੂੰ ਇਹ ਨਜ਼ਰਾਨਾ ਭੇਟ ਕਰਨ ਤੋਂ ਪਹਿਲਾਂ ਇਹ ਦ੍ਰਿਸ਼ ਗੰਗੂ ਨੇ ਅੱਖੀਂ ਵੇਖ ਲਿਆ ਸੀ। ਗੰਗੂ ਨੂੰ ਇਲਮ ਹੋ ਗਿਆ ਸੀ ਕਿ ਮਾਤਾ ਜੀ ਕੋਲ ਕੀਮਤੀ ਖਜ਼ਾਨਾ ਹੈ। ਉਸ ਦੇ ਲਾਲਚ ਦੀ ਇਹ ਲਾਲਸਾ ਮਾਤਾ ਜੀ ਨੂੰ ਫਰਿਆਦੀ ਬਣਕੇ ਆਪਣੇ ਘਰ ਜਾਣ ਦੀਆਂ ਅਰਜੋਈਆਂ ਕਰਨ ਲੱਗੀ। ਬਾਬਾ ਕੁੰਮਾ ਮਾਸ਼ਕੀ ਦੀ ਵਫਾਦਾਰੀ ਦੀ ਤਸਵੀਰ ਗੰਗੂ ਦੀਆਂ ਅਰਜੋਈਆਂ ’ਚੋਂ ਤੱਕ ਕੇ ਮਾਤਾ ਜੀ ਨੇ ਉਸ ਦੀ ਇਹ ਫਰਿਆਦ ਮੰਨ ਲਈ। ਪਿੰਡ ਸਹੇੜੀ ਪਹੁੰਚ ਕੇ ਗੰਗੂ ਦਾ ਲਾਲਚ ਉਸ ਨੂੰ ਚੋਰੀ ਦੇ ਮੁਕਾਮ ਤਕ ਲੈ ਗਿਆ। ਮਾਤਾ ਜੀ ਦਾ ਵਾਜਿਬ ਇਤਰਾਜ਼ ਗੰਗੂ ਨੂੰ ਕੋਤਵਾਲ ਮੋਰਿੰਡਾ ਦੀ ਸ਼ਰਨ ’ਚ ਲੈ ਗਿਆ। ਮੁਗਲ ਹਕੂਮਤ ਤੋਂ ਇਨਾਮ ਦਾ ਲਾਲਚ ਚੋਰੀ ਦੇ ਲਾਲਚ ਨੂੰ ਜਿਥੇ ਦੁੱਗਣਾ ਪ੍ਰਫੁੱਲਤ ਕਰ ਗਿਆ। ਉਥੇ ਮਾਤਾ ਜੀ ਸਾਹਮਣੇ ਚੋਰੀ ਦੀ ਸ਼ਰਮਿੰਦਗੀ ਤੋਂ ਬਚਣ ਦਾ ਗੰਗੂ ਲਈ ਇਹ ਵੱਡਾ ਤੋੜ ਸੀ।

PunjabKesari

ਕਿਵੇਂ ਹੋਈ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ?
ਗੰਗੂ ਦੀ ਚੁਗਲੀ ’ਤੇ ਕੋਤਵਾਲ ਮੋਰਿੰਡਾ ਦੇ ਹੁਕਮਾਂ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗੰਗੂ ਦੀ ਮੁਖਬਰੀ ਦੇ ਆਧਾਰਤ ਫੜ ਲਿਆ। ਇਥੇ ਜੋ ਲਾਲਚ ਗੰਗੂ ਦੇ ਸਿਰ ਸਵਾਰ ਹੋਇਆ ਸੀ ਉਹੀ ਕੋਤਵਾਲ ਦੇ ਸਿਰ ਜਾ ਚੜ੍ਹਿਆ। ਉਸ ਨੇ ਮਨੋਮਨੀ ਤਸੱਵਰ ਹੰਢਾਇਆ ਕਿ ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਸੂਬਾ-ਏ-ਸਰਹਿੰਦ ਨਵਾਬ ਵਜ਼ੀਦ ਖਾਨ ਨੂੰ ਦੇ ਕੇ ਅਹੁਦੇ ਪ੍ਰਤੀ ਤਰੱਕੀ ਅਤੇ ਬਤੌਰ ਇਨਾਮ ਮੋਹਰਾਂ ਪ੍ਰਾਪਤ ਕਰੇਗਾ। ਉਸ ਨੇ ਇਹ ਰਾਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਕੋਤਵਾਲੀ ’ਚ ਰੱਖਣ ਦਾ ਆਰਡਰ ਕਰ ਕੇ ਨਾਲ ਹੀ ਸੂਬਾ-ਏ-ਸਰਹਿੰਦ ਨੂੰ ਇਸ ਦੀ ਇਤਲਾਹ ਭੇਜ ਦਿੱਤੀ। ਇਸ ਤੋਂ ਅਗਲੇ ਦਿਨ ਸੂਬਾ-ਏ-ਸਰਹਿੰਦ ਦੇ ਹੁਕਮਾਂ ਤਹਿਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਪੇਸ਼ ਕਰਨ ਦਾ ਫਰਮਾਨ ਜਾਰੀ ਹੋਇਆ ਅਤੇ ਮੋਰਿੰਡੇ ਤੋਂ ਉਨ੍ਹਾਂ ਨੂੰ ਸਰਹਿੰਦ ਭੇਜਣ ਦੀ ਤਿਆਰੀ ਕੀਤੀ ਗਈ।

ਦੁਖਾਂਤ ਦਾ ਇਹ ਪੱਖ
ਕੁਝ ਵਿਦਵਾਨਾਂ ਦਾ ਤਰਕ ਹੈ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਮੋਰਿੰਡਾ ਤੋਂ ਸਰਹਿੰਦ ਤਕ ਰੱਥ ’ਚ ਬਿਠਾ ਕੇ ਲਿਜਾਇਆ ਗਿਆ ਪਰ ਸਮਕਾਲੀ ਵਾਕਿਆ ਨਵੀਸ ਬਾਬਾ ਦੂਨਾ ਸਿੰਘ ਹੰਡੂਰੀਆਂ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ’ਚ ਜਕੜ ਕੇ ਅਹਿਮ ਅਪਰਾਧੀਆਂ ਦੀ ਤਰਜ਼ ’ਤੇ ਸਰਹਿੰਦ ਤਕ ਪੈਦਲ ਲਿਜਾਇਆ ਗਿਆ। ਉਨ੍ਹਾਂ ਅਨੁਸਾਰ ਸਾਹਿਬਜ਼ਾਦੇ ਬੀਤੇ ਕਈ ਦਿਨਾਂ ਤੋਂ ਭੁੱਖੇ ਅਤੇ ਸਰਦੀ ਦੇ ਆਲਮ ’ਚ ਬੁਰੀ ਤਰ੍ਹਾਂ ਥੱਕ ਚੁੱਕੇ ਸਨ। ਇਸ ਸਥਿਤੀ ’ਚ ਜਦੋਂ ਉਹ ਲੰਬੇ ਕਦਮ ਭਰਦਿਆਂ ਸਿਪਾਹੀਆਂ ਦੇ ਬਰਾਬਰ ਚੱਲਣ ’ਚ ਅਸਮਰੱਥ ਹੁੰਦੇ ਸਨ ਤਾਂ ਸਿਪਾਹੀ ਬੇਖੌਫ ਤਰੀਕੇ ਨਾਲ ਨੰਨ੍ਹੀਆਂ ਜਿੰਦਾਂ ਦੇ ਜਿਸਮ ’ਤੇ ਛਮਕਾਂ ਮਾਰਦੇ ਸਨ। ਐਸੀ ਸਥਿਤੀ ’ਚ ਹੀ ਉਨ੍ਹਾਂ ਨੂੰ ਬਿਨਾਂ ਕੁਝ ਖਵਾਇਆਂ ਜਾਂ ਪਿਲਾਇਆਂ ਕਰੀਬ 15 ਕਿਲੋਮੀਟਰ ਦਾ ਲੰਬਾ ਪੈਂਡਾ ਤਸ਼ੱਦਦ ਭਰਪੂਰ ਰਵੱਈਏ ’ਚ ਤਹਿ ਕਰ ਕੇ ਸਿੱਧੇ ਠੰਡੇ ਬੁਰਜ ’ਚ ਲਿਜਾ ਕੇ ਕੈਦ ਕਰ ਦਿੱਤਾ ਗਿਆ ਤਾਂ ਕਿ ਅਗਲੀ ਸਵੇਰ ਉਨ੍ਹਾਂ ਨੂੰ ਸੂਬੇ ਦੀ ਕਚਹਿਰੀ ਪੇਸ਼ ਕੀਤਾ ਜਾ ਸਕੇ।

  


rajwinder kaur

Content Editor

Related News