ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈ, ਘਪਲੇਬਾਜ਼ੀ ਦੇ ਦੋਸ਼ 'ਚ ਸਰਪੰਚ ਮੁਅੱਤਲ
Saturday, Nov 12, 2022 - 10:45 PM (IST)
ਭੋਗਪੁਰ (ਰਾਣਾ ਭੋਗਪੁਰੀਆ) : ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਘਪਲੇਬਾਜ਼ੀ ਵਿਰੁੱਧ ਸਖ਼ਤੀ ਦਿਖਾਉਂਦਿਆਂ ਇਕ ਸਰਪੰਚ ਨੂੰ ਮੁਅੱਤਲ ਕਰ ਦਿੱਤਾ ਹੈ। ਉਕਤ ਸਰਪੰਚ ਵਿਰੁੱਧ ਤਿੰਨ ਮਾਮਲਿਆਂ ਵਿਚ ਸ਼ਿਕਾਇਤਾਂ ਮਿਲੀਆਂ ਸਨ। ਮਾਮਲਿਆਂ ਦੀ ਜਾਂਚ ਤੋਂ ਬਾਅਦ ਮਿਲੀ ਰਿਪੋਰਟ 'ਤੇ ਕਾਰਵਾਈ ਕਰਦਿਆਂ ਡਾਇਰੈਕਟਰ ਵੱਲੋਂ ਸਰਪੰਚ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਬਠਿੰਡਾ ਤੋਂ ਬਾਅਦ ਹੁਣ ਜਲੰਧਰ ’ਚ ਵੀ ਵੇਸਟ ਪਲਾਸਟਿਕ ਨਾਲ ਬਣਨਗੀਆਂ ਸੜਕਾਂ
ਜਾਣਕਾਰੀ ਮੁਤਾਬਕ ਪਿੰਡ ਚਾਹੜਕੇ, ਬਲਾਕ ਭੋਗਪੁਰ, ਹਲਕਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੀ ਸਰਪੰਚ ਊਸ਼ਾ ਰਾਣੀ ਵੱਲੋਂ ਹਰੇ ਦਰੱਖਤਾਂ ਨੂੰ ਸੁੱਕੇ ਦੱਸ ਕੇ ਅਤੇ ਜੰਗਲਾਤ ਵਿਭਾਗ ਤੋਂ ਬਿਨਾਂ ਰੇਟ ਨਿਰਧਾਰਤ ਕਰਵਾਏ ਕਟਾਈ ਕਰਵਾਈ ਗਈ ਸੀ। ਇਸ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਤੋਂ ਘੱਟ ਰੇਟ 'ਤੇ ਮਾੜੀ ਕਵਾਲਿਟੀ ਦੀ ਲਾਲ ਇੱਟ ਮੰਗਵਾ ਕੇ ਇਸ ਦੇ ਵੱਧ ਕੀਮਤ ਦੇ ਬਿੱਲ ਬਣਾਏ ਸਨ। ਨਾਲ ਹੀ ਸਰਕਾਰੀ ਜ਼ਮੀਨ ਵਿਚ ਲੱਗੇ ਪਿੱਪਲ ਦੇ ਦਰੱਖ਼ਤ ਦੇ ਵੱਡੇ-ਵੱਡੇ ਡਾਹਣੇ ਬਿਨਾਂ ਮਨਜ਼ੂਰੀ ਦੇ ਵੱਢ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਸੀ। ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਇਨ੍ਹਾਂ ਤਿੰਨਾਂ ਮਾਮਲਿਆਂ ਦੀ ਸ਼ਿਕਾਇਤ ਏ. ਡੀ. ਸੀ. ਵਿਕਾਸ ਜਲੰਧਰ ਨੂੰ ਕੀਤੀ ਸੀ। ਏ. ਡੀ. ਸੀ. ਵੱਲੋਂ ਤਿੰਨ ਸ਼ਿਕਾਇਤਾਂ ਦੀ ਜਾਂਚ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਤੋਂ ਕਰਵਾਈ ਗਈ ਸੀ, ਜਿਸ ਵਿਚ ਸਰਪੰਚ ਊਸ਼ਾ ਰਾਣੀ ਦੋਸ਼ੀ ਪਾਈ ਗਈ ਸੀ। ਏ. ਡੀ. ਸੀ. ਨੇ ਜਾਂਚ ਦੀ ਰਿਪੋਰਟ ਤਿਆਰ ਕਰ ਕੇ ਅਗਲੇਰੀ ਕਾਰਵਾਈ ਲਈ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੂੰ ਭੇਜੀ ਸੀ। ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਤਕਰੀਬਨ ਇਕ ਸਾਲ ਅੱਠ ਮਹੀਨੇ ਦਾ ਲੰਮਾ ਸਮਾਂ ਲੱਗਾ।
ਇਹ ਖ਼ਬਰ ਵੀ ਪੜ੍ਹੋ - ਫਗਵਾੜਾ ਦੇ ਸਿਵਲ ਹਸਪਤਾਲ ’ਚ ਨੌਜਵਾਨ ਦੀ ਮੌਤ ਮਗਰੋਂ ਭੜਕਿਆ ਪਰਿਵਾਰ, ਡਾਕਟਰ ਦੀ ਕੀਤੀ ਕੁੱਟਮਾਰ
ਇਸ ਸਬੰਧੀ ਜਦੋਂ ਸ਼ਿਕਾਇਤ ਕਰਨ ਵਾਲਿਆਂ ਮਨਦੀਪ ਸਿੰਘ ਮੰਨਾ ਮਝੈਲ ਅਤੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਇਸ ਦਾ ਨਤੀਜਾ ਕਾਫ਼ੀ ਸਮਾਂ ਬਾਅਦ ਆਇਆ ਹੈ। ਪਰ ਉਹ ਪੰਜਾਬ ਸਰਕਾਰ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦਾ ਧੰਨਵਾਦ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।