ਗੁਰਦਾਸਪੁਰ ਜ਼ਿਲੇ ਦੇ ਕਾਂਗਰਸੀ ਆਗੂ ਰੰਧਾਵਾ ਦੇ ਸਮਰਥਨ 'ਚ ਉਤਰੇ

Saturday, Nov 23, 2019 - 01:42 PM (IST)

ਗੁਰਦਾਸਪੁਰ ਜ਼ਿਲੇ ਦੇ ਕਾਂਗਰਸੀ ਆਗੂ ਰੰਧਾਵਾ ਦੇ ਸਮਰਥਨ 'ਚ ਉਤਰੇ

ਚੰਡੀਗੜ੍ਹ (ਭੁੱਲਰ) : ਕਤਲ ਦੇ ਮਾਮਲੇ 'ਚ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋ ਲਾਏ ਗਏ ਦੋਸ਼ਾਂ ਖਿਲਾਫ਼ ਜ਼ਿਲਾ ਗੁਰਦਾਸਪੁਰ ਦੇ ਕਾਂਗਰਸੀ ਆਗੂ ਕੈਬਨਿਟ ਮੰਤਰੀ ਅਰੁਣਾ ਚੌਧਰੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਮਰਥਨ 'ਚ ਉਤਰ ਆਏ ਹਨ। ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਉਪਰੋਕਤ ਨੇਤਾਵਾਂ ਵਲੋਂ ਕਿਹਾ ਗਿਆ ਹੈ ਕਿ 'ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦਾ ਇਤਿਹਾਸ ਦੇਸ਼ ਅਤੇ ਸਮਾਜ ਲਈ ਕੁਰਬਾਨੀਆਂ ਕਰਨ ਵਾਲਾ ਅਤੇ ਸਮਾਜ ਦੀ ਭਲਾਈ ਲਈ ਅਣਥੱਕ ਘਾਲਣਾ ਘਾਲਣ ਵਾਲਾ ਰਿਹਾ ਹੈ। ਪਾਰਟੀ ਦੇ ਆਗੂਆਂ ਨੇ ਹਮੇਸ਼ਾ ਹੀ ਮੂਹਰਲੀਆਂ ਸਫ਼ਾਂ 'ਚ ਰਹਿ ਕੇ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਪਾਰਟੀ ਲੋਕਾਂ ਦੀ ਆਵਾਜ਼ ਬਣਨ 'ਚ ਕਾਮਯਾਬ ਹੋਈ ਹੈ। ਇਸ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਕੋਲੋਂ ਕਿਸੇ ਤਰ੍ਹਾਂ ਦੇ ਪ੍ਰਮਾਣ ਪੱਤਰ ਦੀ ਬਿਲਕੁਲ ਵੀ ਲੋੜ ਨਹੀਂ ਹੈ।''

ਉਪਰੋਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੜਬੋਲੇ ਅਤੇ ਬਦਨਾਮ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਸ ਤਰ੍ਹਾਂ ਦੀ ਬੇਲੋੜੀ ਅਤੇ ਬੇਬੁਨਿਆਦ ਕਿਸਮ ਦੇ ਇਲਜ਼ਾਮ ਲਾਉਣ ਵਾਲੀ ਬਿਆਨਬਾਜ਼ੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਕੀਤੀ ਜਾ ਰਹੀ ਹੈ, ਉਹ ਜ਼ਾਹਿਰ ਕਰਦੀ ਹੈ ਕਿ ਅਕਾਲੀ ਆਗੂ ਲੋਕਾਂ 'ਚ ਆਪਣਾ ਆਧਾਰ ਗੁਆ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਬੌਖਲਾਹਟ ਵਿਚ ਆ ਗਏ ਹਨ ਅਤੇ ਇਸ ਤਰ੍ਹਾਂ ਦੀ ਹੋਛੀ ਸਿਆਸਤ ਨਾਲ ਮੁੜ ਤੋਂ ਚਰਚਾ ਵਿਚ ਆਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਬਟਾਲਾ ਦੇ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੇ ਮਾਮਲੇ 'ਚ ਵੱਡਾ ਬਿਆਨ ਦਿੰਦਿਆਂ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਜੰਗਲ ਰਾਜ ਚੱਲ ਰਿਹਾ ਹੈ ਅਤੇ 3 ਸਾਲਾਂ 'ਚ ਕਾਨੂੰਨ ਵਿਵਸਥਾ ਤਹਿਸ-ਨਹਿਸ ਹੋ ਗਈ ਹੈ।  ਉਨ੍ਹਾਂ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਸਭ ਸੀਨੀਅਰ ਕਾਂਗਰਸੀ ਆਗੂਆਂ ਦੀ ਸ਼ੈਅ 'ਤੇ ਹੋ ਰਿਹਾ ਹੈ।


author

Anuradha

Content Editor

Related News