ਸਰਪੰਚੀ ਚੋਣ ਦੇ ਫ਼ਾਰਮ ਲੈਣ ਗਿਆ ਉਮੀਦਵਾਰ ਕਰ ਬੈਠਾ ਅਜਿਹਾ ਕਾਰਾ, ਪਹੁੰਚਿਆ ਸਲਾਖਾਂ ਪਿੱਛੇ
Thursday, Oct 03, 2024 - 03:44 PM (IST)
ਫਿਲੌਰ (ਭਾਖੜੀ)- ਸਰਪੰਚ ਅਜੇ ਬਣਿਆ ਨਹੀਂ, ਸਰਪੰਚੀ ਦੇ ਫਾਰਮ ਲੈਣ ਆਏ ਵਿਅਕਤੀ ’ਚ ਇੰਨਾ ਜੋਸ਼ ਆ ਗਿਆ ਕਿ ਮਾਮੂਲੀ ਜਿਹੀ ਗੱਲ ’ਤੇ ਰਿਵਾਲਵਰ ਕੱਢ ਕੇ ਦੂਜੇ ਨੂੰ ਧਮਕਾਉਣ ਲੱਗ ਗਿਆ। ਪੁਲਸ ਨੇ ਰਿਵਾਲਵਰ ਜ਼ਬਤ ਕਰ ਕੇ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਸੀਖਾਂ ਪਿੱਛੇ ਭੇਜ ਦਿੱਤਾ। ਸੂਚਨਾ ਮੁਤਾਬਕ ਚੋਣ ਕਮਿਸ਼ਨ ਵੱਲੋਂ ਪਿੰਡਾਂ ’ਚ ਹੋਣ ਵਾਲੀਆਂ ਪੰਚਾਂ-ਸਰਪੰਚਾਂ ਦੀਆਂ ਚੋਣਾਂ ਤੋਂ ਬਾਅਦ ਸਥਾਨਕ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਫਾਰਮ ਲੈਣ ਵਾਲੇ ਉਮੀਦਵਾਰ ਕਾਫਲਿਆਂ ਦੀ ਸ਼ਕਲ ’ਚ ਪਿੰਡਾਂ ਤੋਂ ਆ ਰਹੇ ਹਨ। ਕੁਝ ਵਿਚ ਤਾਂ ਚੋਣਾਂ ਕਾਰਨ ਇੰਨਾ ਉਤਸ਼ਾਹ ਹੈ ਕਿ ਫਾਰਮ ਲੈਣ ਸਮੇਂ ਹੀ ਉਨ੍ਹਾਂ ਦੇ ਹਮਾਇਤੀ ਉਥੇ ਹੀ ‘ਜਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ।
ਲੋਕਾਂ ’ਚ ਚੋਣਾਂ ਸਬੰਧੀ ਉਤਸ਼ਾਹ ਅਤੇ ਭਾਰੀ ਰਸ਼ ਕਾਰਨ ਸ਼ਹਿਰ ਦੇ ਪ੍ਰਮੁੱਖ ਨਵਾਂਸ਼ਹਿਰ ਰੋਡ ਜਿਥੇ ਤਹਿਸੀਲ ਕੰਪਲੈਕਸ, ਐੱਸ. ਡੀ. ਐੱਮ. ਦਫਤਰ ਦੇ ਨਾਲ ਡੀ. ਐੱਸ. ਪੀ. ਦਾ ਦਫਤਰ ਵੀ ਹੈ, ਉਥੇ ਸਵੇਰ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਾਮ ਲੱਗਾ ਰਹਿੰਦਾ ਹੈ। ਜਾਮ ਖੁੱਲ੍ਹਵਾਉਣ ਸਬੰਧੀ ਪੁਲਸ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਅੱਜ ਦੁਪਹਿਰ ਬਾਅਦ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਸਰਪੰਚੀ ਦਾ ਫਾਰਮ ਲੈਣ ਆਇਆ ਪਿੰਡ ਲੋਹਗੜ੍ਹ ਦਾ ਇਕ ਉਮੀਦਵਾਰ ਗੁਰਜੀਤ ਸਿੰਘ ਜੋ ਆਪਣੀ ਕਾਰ ’ਚ ਪਰਿਵਾਰ ਨਾਲ ਆਇਆ ਸੀ, ਉਹ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਕਾਰ ਨੂੰ ਮੇਨ ਰੋਡ ’ਚ ਹੀ ਖੜ੍ਹੀ ਕਰ ਕੇ ਅੰਦਰ ਫਾਰਮ ਲੈਣ ਚਲਾ ਗਿਆ, ਜਿਸ ਕਾਰਨ ਉਥੇ ਜਾਮ ਲੱਗ ਗਿਆ।
ਜਾਮ ਖਤਮ ਕਰਨ ਲਈ ਪਿੰਡ ਸੈਫਾਬਾਦ ਦੇ ਅਸ਼ੋਕ ਕੁਮਾਰ, ਜੋ ਕਿ ਉਹ ਵੀ ਸਰਪੰਚੀ ਦਾ ਫਾਰਮ ਲੈਣ ਆਏ ਸਨ। ਉਨ੍ਹਾਂ ਨੇ ਕਾਰ ’ਚ ਬੈਠੀ ਔਰਤ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀ ਕਾਰ ਨੂੰ ਇਕ ਪਾਸੇ ਕਰ ਦਿੰਦੇ ਹਨ, ਜਿਸ ਨਾਲ ਜਾਮ ਖਤਮ ਹੋ ਜਾਵੇਗਾ। ਜਿਉਂ ਹੀ ਅਸ਼ੋਕ ਕੁਮਾਰ ਨੇ ਗੱਡੀ ਇਕ ਪਾਸੇ ਖੜ੍ਹੀ ਕੀਤੀ ਤਾਂ ਉਸੇ ਸਮੇਂ ਗੁਰਜੀਤ ਸਿੰਘ ਵੀ ਉੱਥੇ ਪੁੱਜ ਗਿਆ।
ਇਹ ਖ਼ਬਰ ਵੀ ਪੜ੍ਹੋ - ਖੇਡਦੀ-ਖੇਡਦੀ ਬੱਚੀ ਨਾਲ ਵਾਪਰ ਗਈ ਅਣਹੋਣੀ! ਮਾਂ ਦੀਆਂ ਅੱਖਾਂ ਮੂਹਰੇ ਤੜਫ਼-ਤੜਫ਼ ਕੇ ਨਿਕਲੀ ਜਾਨ
ਆਪਣੀ ਕਾਰ ਨੂੰ ਸੜਕ ’ਚੋਂ ਹਟਾਉਣ ਕਾਰਨ ਗੁਰਜੀਤ ਸਿੰਘ ਇਸ ਤਰ੍ਹਾਂ ਖਫ਼ਾ ਹੋ ਗਿਆ ਕਿ ਉਸ ਨੇ ਰਿਵਾਲਵਰ ਕੱਢ ਕੇ ਅਸ਼ੋਕ ਕੁਮਾਰ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਸ ਦੀ ਕਾਰ ’ਚ ਇਕ ਹੋਰ ਰਿਵਾਲਵਰ ਪਈ ਸੀ। ਉਹ ਹਰ ਸਮੇਂ ਆਪਣੇ ਕੋਲ 2 ਰਿਵਾਲਵਰ ਰੱਖਦਾ ਹੈ। ਉਸ ਦੀ ਹਿੰਮਤ ਕਿਵੇਂ ਪਈ ਕਿ ਉਸ ਦੀ ਕਾਰ ਨੂੰ ਪਾਸੇੇ ਕਰਨ ਦੀ। ਉਸ ਨੇ ਉਸ ਦੀ ਕਾਰ ਵਿਚ ਜੋ ਦੂਜੀ ਰਿਵਾਲਵਰ ਚੋਰੀ ਕਰ ਲਈ ਹੈ, ਉਹ ਉਸ ਨੂੰ ਵਾਪਸ ਕਰੇ, ਨਹੀਂ ਤਾਂ ਉਸ ਦੇ ਅੰਜਾਮ ਬੁਰੇ ਭੁਗਤਣੇ ਪੈਣਗੇ।
ਵਿਅਕਤੀ ਦੇ ਹੱਥ ’ਚ ਰਿਵਾਲਵਰ ਦੇਖ ਕੇ ਉਥੇ ਮਾਹੌਲ ਤਣਾਅਪੂਰਨ ਬਣ ਗਿਆ। ਅਸ਼ੋਕ ਕੁਮਾਰ ਨੇ ਉਸ ਨੂੰ ਕਿਹਾ ਕਿ ਉਸ ਨੇ ਸਿਰਫ ਕਾਰ ਪਾਸੇ ਕੀਤੀ ਹੈ, ਉਹ ਉਸ ਦੀ ਤਲਾਸ਼ੀ ਲੈ ਸਕਦਾ ਹੈ। ਉਸ ਨੇ ਕੋਈ ਰਿਵਾਲਵਰ ਚੋਰੀ ਨਹੀਂ ਕੀਤੀ ਤਾਂ ਉਸੇ ਸਮੇਂ ਉਥੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਦਬੋਚ ਕੇ ਉਸ ਦੇ ਹੱਥੋਂ ਰਿਵਾਲਵਰ ਫੜ ਕੇ ਉਸ ਨੂੰ ਥਾਣੇ ਲੈ ਗਏ।
ਥਾਣਾ ਮੁਖੀ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਕਾਰਨ ਉਕਤ ਵਿਅਕਤੀ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਤੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਿਸ ਦੇ ਤਹਿਤ ਗੁਰਜੀਤ ਸਿੰਘ ’ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਲਾਇਸੈਂਸੀ ਹਥਿਆਰ ਹੈ, ਉਹ ਜਮ੍ਹਾ ਕਰਵਾ ਦੇਣ। ਉਕਤ ਘਟਨਾ ਤੋਂ ਬਾਅਦ ਉਕਤ ਵਿਅਕਤੀ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸਰਪੰਚ ਬਣਿਆ ਨਹੀਂ ਪਹਿਲਾਂ ਹੀ ਰਿਵਾਲਵਰ ਕੱਢ ਕੇ ਧੌਂਸ ਜਮਾਉਣ ਲੱਗ ਪਿਆ। ਜੇਕਰ ਸਰਪੰਚ ਬਣ ਜਾਂਦਾ ਤਾਂ ਪਤਾ ਨਹੀਂ ਕੀ ਕਰ ਦਿੰਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8