ਸਰਪੰਚ ਦੀ ਪਤਨੀ ਜਾਨ-ਲੇਵਾ ਹਮਲੇ ''ਚ ਜ਼ਖ਼ਮੀ

Thursday, Mar 01, 2018 - 12:02 AM (IST)

ਸਰਪੰਚ ਦੀ ਪਤਨੀ ਜਾਨ-ਲੇਵਾ ਹਮਲੇ ''ਚ ਜ਼ਖ਼ਮੀ

ਮੇਹਟੀਆਣਾ, (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਢੱਕੋਵਾਲ ਵਿਖੇ ਸਥਾਨਕ ਦੋ ਵਿਅਕਤੀਆਂ ਨੇ ਸਰਪੰਚ ਦੀ ਪਤਨੀ 'ਤੇ ਤੇਜ਼ ਹਥਿਆਰਾਂ ਨਾਲ ਜਾਨ-ਲੇਵਾ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਢੱਕੋਵਾਲ ਦੇ ਸਰਪੰਚ ਮਨਦੀਪ ਕੁਮਾਰ ਨੇ ਕਿਹਾ ਕਿ ਅੱਜ ਸਵੇਰੇ ਕਰੀਬ 8 ਕੁ ਵਜੇ ਜਦੋਂ ਉਹ ਖੁਦ ਸੈਰ ਕਰਨ ਗਿਆ ਹੋਇਆ ਸੀ ਅਤੇ ਬੱਚੇ ਸਕੂਲ ਪੜ੍ਹਨ ਗਏ ਸਨ ਤਾਂ ਉਸ ਦੀ ਪਤਨੀ ਇੰਦਰਜੀਤ ਕੌਰ ਅਤੇ ਭਰਜਾਈ ਘਰ 'ਚ ਇਕੱਲੀਆਂ ਸਨ। ਇੰਨੇ ਨੂੰ ਪਿੰਡ ਦੇ ਹੀ 2 ਨੌਜਵਾਨ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ, ਜਿਨ੍ਹਾਂ ਕੋਲ ਤੇਜ਼ ਹਥਿਆਰ ਸਨ। ਉਕਤ ਦੋਸ਼ੀਆਂ ਨੇ ਇੰਦਰਜੀਤ ਕੌਰ ਜੋ ਕਿ ਸਫ਼ਾਈ ਕਰ ਰਹੀ ਸੀ, 'ਤੇ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਦੀਆਂ ਚੀਕਾਂ ਸੁਣ ਕੇ ਘਰ 'ਚ ਮੌਜੂਦ ਮੇਰੀ ਭਰਜਾਈ ਦੇ ਰੌਲਾ ਪਾਉਣ 'ਤੇ ਦੋਵੇਂ ਦੋਸ਼ੀ ਇੰਦਰਜੀਤ ਕੌਰ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਕੇ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਭੰਨ-ਤੋੜ ਕਰ ਕੇ ਫ਼ਰਾਰ ਹੋ ਗਏ। 
ਸਰਪੰਚ ਦੀ ਭਰਜਾਈ ਨੇ ਤੁਰੰਤ ਫੋਨ ਕਰ ਕੇ ਉਸ ਨੂੰ ਘਰ ਬੁਲਾਇਆ, ਜਿਸ ਨੇ ਗੰਭੀਰ ਜ਼ਖ਼ਮੀ ਇੰਦਰਜੀਤ ਕੌਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ। ਦੱਸਿਆ ਜਾਂਦਾ ਹੈ ਕਿ ਜ਼ਖ਼ਮੀ ਔਰਤ ਦੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਹਨ। ਸਰਪੰਚ ਵੱਲੋਂ ਇਸ ਦੀ ਇਤਲਾਹ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੱਤਰਕਾਰਾਂ ਵੱਲੋਂ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਐੱਸ.ਐੱਚ.ਓ. ਪ੍ਰਮੋਦ ਕੁਮਾਰ ਨੂੰ ਫੋਨ ਕਰਨ 'ਤੇ ਉਨ੍ਹਾਂ ਫੋਨ ਚੁੱਕਣਾ ਹੀ ਮੁਨਾਸਿਬ ਨਹੀਂ ਸਮਝਿਆ।


Related News