ਮਹਾਰਾਸ਼ਟਰ ਸਰਕਾਰ ਵਲੋਂ ਸਤਬੀਰ ਸਿੰਘ ਨੂੰ ਨਵਾਂ ਪ੍ਰਸ਼ਾਸਕ ਬਣਾਏ ਜਾਣ 'ਤੇ ਸਰਨਾ ਨੇ ਮੁੜ ਘੇਰੇ ਸਿਰਸਾ ਤੇ ਕਾਲਕਾ

08/12/2023 1:53:31 PM

ਜਲੰਧਰ- ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ’ਤੇ ਗ਼ੈਰ-ਸਿੱਖ ਪ੍ਰਸ਼ਾਸਕ ਨਿਯੁਕਤ ਕਰਨ ’ਤੇ ਹੋਏ ਭਾਰੀ ਵਿਰੋਧ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਆਪਣਾ ਫ਼ੈਸਲਾ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਗ਼ੈਰ-ਸਿੱਖ ਪ੍ਰਸ਼ਾਸਕ ਲਾਉਣ ਦਾ ਮਾਮਲਾ ਵੀ ਸੁਲਝ ਗਿਆ ਹੈ। ਸਮੁੱਚੀ ਸਿੱਖ ਕੌਮ ਤੇ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰੀਕੇ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਅਤੇ ਇਹ ਮੰਗ ਕੀਤੀ ਗਈ ਸੀ ਕਿ ਪਹਿਲੀ ਗੱਲ ਤੇ ਲੋਕਤੰਤਰੀ ਤਰੀਕੇ ਨਾਲ ਬੋਰਡ ਦੀ ਚੋਣ ਕਰਵਾਈ ਜਾਏ, ਜਦੋਂ ਤੱਕ ਚੋਣ ਨਹੀਂ ਹੁੰਦੀ ਉਦੋਂ ਤੱਕ ਕਿਸੇ ਸਿੱਖ ਨੂੰ ਹੀ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਵੇ। ਇਸ ਸਾਰੇ ਘਟਨਾ ਕ੍ਰਮ ਵਿਚ ਮਹਾਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਬਦਲ ਦਿਆਂ ਇਕ ਸਾਬਕਾ ਆਈ . ਏ. ਐਸ ਸ. ਵਿਜੇ ਸਤਬੀਰ ਸਿੰਘ ਨੂੰ ਪ੍ਰਸ਼ਾਸ਼ਕ ਨਿਯੁਕਤ ਕੀਤਾ। ਜਿਸ ਬਾਰੇ ਦਮਗਜੇ ਮਾਰਦਿਆਂ ਸਿੱਖਾਂ ਦੇ ਆਪੂ ਬਣੇ ਆਲੰਬਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਕਮੇਟੀ ਦੇ ਅਖੌਤੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨਿੱਜੀ ਤੌਰ ਤੇ ਸਰਕਾਰ ਕੋਲ ਪਹੁੰਚ ਕਰਦਿਆਂ ਇਸ ਮਸਲੇ ਤੇ ਇਕ ਸਿੱਖ ਨੂੰ ਪ੍ਰਸ਼ਾਸ਼ਕ ਨਿਯੁਕਤ ਕਰਵਾਇਆ ਹੈ । 

ਪਰ ਹੁਣ ਜੋ ਅਸੀਂ ਦੇਖ ਰਹੇ ਹਾਂ ਕਿ ਪ੍ਰਸ਼ਾਸ਼ਕ ਨਿਯੁਕਤ ਕੀਤੇ ਗਏ ਸ. ਵਿਜੇ ਸਤਬੀਰ ਸਿੰਘ ਦੀਆਂ ਸ਼ਰਾਬ ਦੇ ਸੇਵਨ ਕਰਦਿਆਂ ਤੇ ਹੋਰ ਅਨਮੱਤੀਆਂ ਕਰਦਿਆਂ ਦੀਆਂ ਤਸਵੀਰਾਂ ਜਨਤਕ ਹੋ ਰਹੀਆਂ ਹਨ । ਸਿਰਸਾ ਤੇ ਉਸਦੀ ਜੁੰਡਲੀ ਜੋ ਦਾਅਵਾ ਕਰਦੀ ਹੈ ਉਹਨਾਂ ਨੇ ਇਹ ਨਿਯੁਕਤੀ ਕਰਵਾਈ ਹੈ ਕੀ ਉਹਨਾਂ ਨੂੰ ਕੋਈ ਯੋਗ ਸਿੱਖੀ ਸਿਧਾਂਤਾਂ ਵਿੱਚ ਪ੍ਰਪੱਕ ਸਖਸ਼ੀਅਤ ਨਹੀ ਮਿਲੀ ? ਸੱਚਾਈ ਇਹ ਹੈ ਕਿ ਜਿਹੋ ਜਿਹੇ ਇਹ ਆਪ ਹਨ। ਉਹੋ ਜਿਹੇ ਇਹਨਾਂ ਨੇ ਬੰਦੇ ਅੱਗੇ ਕਰਨ ਦਾ ਤਹੱਈਆ ਕੀਤਾ ਹੋਇਆ ਹੈ । ਜੇਕਰ ਇਹਨਾਂ ਨੂੰ ਆਪ ਸਿੱਖੀ ਸਿਧਾਤਾਂ ਦੀ ਸਮਝ ਹੋਵੇ ਤਾਂ ਤਾਂ ਤੇ ਇਹ ਲੋਕ ਕੋਈ ਸਿੱਖ ਮਰਿਯਾਦਾ ਦੇ ਮੁਤਾਬਕ ਗੱਲ ਕਰਨ ਇਹਨਾਂ ਲੋਕਾਂ ਦਾ ਸਾਰਾ ਜ਼ੋਰ ਸਿਰਫ ਗੁਰੂ ਦੀ ਗੋਲਕ ਤੇ ਸੰਗਤ ਦਾ ਪੈਸਾ ਲੁੱਟਣ ਤੇ ਕੌਮ ਨਾਲ ਧ੍ਰੋਹ ਕਮਾ ਕੇ ਅਹੁਦੇ ਤੇ ਸੱਤਾ ਮਾਨਣ ਤੇ ਲੱਗਿਆ ਹੋਇਆ ਹੈ । 

ਜੇਕਰ ਭਾਜਪਾ ਜਾਂ ਸਰਕਾਰ ਨੂੰ ਲੱਗਦਾ ਹੈ ਕਿ ਇਹ ਸਿਰਸੇ ਵਰਗੇ ਲੋਕ ਉਹਨਾਂ ਦਾ ਅਕਸ ਸਿੱਖਾਂ ਵਿੱਚ ਸੁਧਾਰਨਗੇ ਤੇ ਵੋਟਾਂ ਵਿੱਚ ਉਹਨਾਂ ਲਈ ਕੋਈ ਲਾਹੇਵੰਦ ਸਾਬਤ ਹੋਣਗੇ ਤਾਂ ਇਹ ਉਹਨਾਂ ਦਾ ਭੁਲੇਖਾ ਹੈ । ਕਿਉਂਕਿ ਇਹ ਲੋਕ ਸਿੱਖ ਮਨਾ ‘ਚੋਂ ਮਨਫ਼ੀ ਹੋ ਚੁੱਕੇ ਹਨ ਤੇ ਇਹ ਭਾਜਪਾ ਨੂੰ ਤੇ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਨਿਮੋਸ਼ੀਆਂ ਤਾਂ ਦਵਾ ਸਕਦੇ ਹਨ। ਉਹਨਾਂ ਨੂੰ ਕੋਈ ਫਾਇਦਾ ਨਹੀਂ ਦੇ ਸਕਦੇ। ਇਸ ਲਈ ਉਹ ਵੀ ਜੇ ਆਪਣਾ ਭਲਾ ਚਾਹੁੰਦੇ ਹਨ ਤਾਂ ਇਹੋ ਜਿਹੇ ਲੋਕਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਤੱਕ ਬੋਰਡ ਦੀ ਨਵੀਂ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਇਹੋ ਜਿਹਿਆਂ ਦੇ ਮਗਰ ਲੱਗ ਨਿਮੋਸ਼ੀ ਖੱਟਣ ਨਾਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਉੱਥੋਂ ਦਾ ਪ੍ਰਸ਼ਾਸ਼ਕ ਨਿਯੁਕਤ ਕਰੇ ਕਿਉਂਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਨ ਤੇ ਉਹੋ ਜਿਹੇ ਗੁਰਸਿੱਖ ਹੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾ ਸਕਦੇ ਹਨ ਅਤੇ ਸਰਕਾਰ ਛੇਤੀ ਤੋਂ ਛੇਤੀ ਬੋਰਡ ਦੀ ਨਵੀਂ ਚੋਣ ਕਰਵਾ ਸਮੁੱਚਾ ਪ੍ਰਬੰਧ ਚੁਣੇ ਹੋਏ ਗੁਰਸਿੱਖਾਂ ਦੇ ਹਵਾਲੇ ਕਰੇ ਤੇ ਆਪ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲ ਦੇਣ ਤੋਂ ਗੁਰੇਜ਼ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ।


DIsha

Content Editor

Related News