ਭਾਜਪਾ ਆਗੂ ਬੋਨੀ ਅਜਨਾਲਾ ਦੇ ਵਿਵਾਦਿਤ ਬਿਆਨ 'ਤੇ ਪਰਮਜੀਤ ਸਿੰਘ ਸਰਨਾ ਨੇ ਦਿੱਤੀ ਪ੍ਰਤੀਕਿਰਿਆ
Wednesday, May 01, 2024 - 06:56 PM (IST)
ਨਵੀਂ ਦਿੱਲੀ- ਭਾਜਪਾ ਆਗੂ ਅਮਰਦੀਪ ਸਿੰਘ ਬੋਨੀ ਅਜਨਾਲਾ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਮਰਦੀਪ ਸਿੰਘ ਬੋਨੀ ਅਜਨਾਲਾ ਨੇ ਜੋ ਭਾਜਪਾ ਦੀ ਇਕ ਰੈਲੀ ਵਿਚ ਸ੍ਰੀ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਦੀਪ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਬਿਆਨ ਦਿੱਤਾ ਹੈ, ਇਹ ਬਹੁਤ ਮੰਦਭਾਗਾ ਹੈ। ਅਸੀਂ ਤਾਂ ਬਹੁਤ ਪਹਿਲਾਂ ਤੋਂ ਮਹਿਸੂਸ ਕਰ ਰਹੇ ਹਾਂ ਕਿ ਜਿਹੜਾ ਵੀ ਆਗੂ ਭਾਜਪਾ 'ਚ ਜਾਂਦਾ ਹੈ। ਉਹ ਆਪਣੇ ਧਰਮ ਤੇ ਫ਼ਲਸਫ਼ੇ ਤੋਂ ਦੂਰ ਹੁੰਦਾ ਜਾਂਦਾ ਹੈ। ਠੀਕ ਇਸੇ ਤਰ੍ਹਾਂ ਹੁਣ ਬੋਨੀ ਅਜਨਾਲੇ ਨੇ ਵੀ ਧਰਮ ਛੱਡ ਦਿੱਤਾ ਹੈ।
ਸਾਨੂੰ ਬਾਣੀ ਉਪਦੇਸ਼ ਕਰਦੀ ਹੈ ਕਿ
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥
ਇਹ ਸਾਰੇ ਉਸੇ ਤਰਾਂ ਦਾਗ਼ੀ ਹੋ ਰਹੇ ਹਨ। ਇਸਨੇ ਜਿਹੜਾ ਵੋਟਾਂ ਖਾਤਰ ਜੋ ਬਿਆਨ ਦਿੱਤਾ ਹੈ ਕਿ ਸਿੱਖੀ ਛੋਟੀ ਹੈ ਤੇ ਇਸਾਈਅਤ ਵੱਡੀ ਹੈ, ਇਹ ਬਹੁਤ ਮੰਦਭਾਗਾ ਹੈ। ਇੱਕ ਸਿੱਖ ਬੰਦੇ ਲਈ ਅਜਿਹਾ ਬਿਆਨ ਦੇਣਾ ਗੁਨਾਹ ਬਰਾਬਰ ਹੈ। ਕੋਈ ਵੀ ਧਰਮ ਅਬਾਦੀ ਦੇ ਹਿਸਾਬ ਨਾਲ ਜਾਂ ਨਵੇਂ ਪੁਰਾਣੇ ਦੇ ਹਿਸਾਬ ਨਾਲ ਛੋਟਾ-ਵੱਡਾ ਨਹੀਂ ਹੁੰਦਾ। ਹਰ ਧਰਮ ਦੀ ਆਪਣੀ ਹੀ ਪਛਾਣ ਅਤੇ ਫ਼ਲਸਫ਼ਾ ਹੈ।
ਬੋਨੀ ਅਜਨਾਲੇ ਨੇ ਅਜਿਹਾ ਬਿਆਨ ਦੇ ਕੇ ਆਪਣੇ ਅੰਦਰਲੀ ਮਾਨਸਿਕਤਾ ਜ਼ਾਹਰ ਕਰ ਦਿੱਤੀ ਹੈ ਕਿ ਹੁਣ ਤੱਕ ਸਿੱਖੀ ਦੇ ਭੇਸ ਵਿੱਚ ਸਿਰਫ ਸਿਆਸੀ ਲਾਹੇ ਲਈ ਹੀ ਵਿਚਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਇੱਕ ਚੋਣ ਮੀਟਿੰਗ ਦੌਰਾਨ ਸਿੱਖ ਧਰਮ ਨੂੰ ਈਸਾਈ ਧਰਮ ਤੋਂ ਛੋਟਾ ਦੱਸਿਆ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਛੋਟਾ ਬੱਚਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।