ਸਰਦਾਰ ਸਿੰਘ ਤੇ ਉਸ ਦੇ ਭਰਾ ''ਤੇ ਐੱਸ. ਬੀ. ਆਈ. ਮੈਨੇਜਰ ਨੇ ਲਾਇਆ ਕੁੱਟ-ਮਾਰ ਦਾ ਦੋਸ਼
Monday, Dec 17, 2018 - 12:16 AM (IST)

ਚੰਡੀਗੜ੍ਹ (ਸੁਸ਼ੀਲ)-ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨੇ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਪੰਜਾਬ ਪੁਲਸ ਦੇ ਡੀ. ਐੱਸ. ਪੀ. ਸਰਦਾਰ ਸਿੰਘ ਦੇ ਭਰਾ ਦੀ ਇਨੋਵਾ ਗੱਡੀ ਨੂੰ ਐਤਵਾਰ ਸਵੇਰੇ ਸੈਕਟਰ-35 'ਚ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਸਰਦਾਰ ਸਿੰਘ ਆਪਣੇ ਦੋਸਤ ਨਾਲ ਸਵਿਫਟ ਗੱਡੀ 'ਚ ਮੌਕੇ 'ਤੇ ਪਹੁੰਚੇ। ਬੈਂਕ ਮੈਨੇਜਰ ਨੇ ਦੋਸ਼ ਲਾਇਆ ਕਿ ਸਰਦਾਰ ਸਿੰਘ ਤੇ ਉਸਦੇ ਭਰਾ ਨੇ ਉਸਦੀ ਕੁੱਟ-ਮਾਰ ਕੀਤੀ ਅਤੇ ਸਰਦਾਰ ਸਿੰਘ ਪੁਲਸ ਦੇ ਸਾਹਮਣੇ ਆਪਣੇ ਸਾਥੀ ਨਾਲ ਚਲਿਆ ਗਿਆ। ਪੁਲਸ ਨੇ ਦੋਨਾਂ ਗੱਡੀਆਂ ਨੂੰ ਜ਼ਬਤ ਕਰਕੇ ਐੱਸ. ਬੀ. ਆਈ. ਮੈਨੇਜਰ ਸਚਿਨ ਸ਼ਰਮਾ ਤੇ ਦੀਦਾਰ ਸਿੰਘ ਦਾ ਸੈਕਟਰ-16 ਹਸਪਤਾਲ 'ਚ ਮੈਡੀਕਲ ਕਰਵਾਇਆ। ਸੈਕਟਰ-36 ਥਾਣਾ ਪੁਲਸ ਨੇ ਦੋਨਾਂ ਪੱਖਾਂ ਦੀ ਸ਼ਿਕਾਇਤ ਲੈ ਕੇ ਕਰਾਸ ਐੱਫ. ਆਈ. ਆਰ. ਦਰਜ ਕੀਤੀ।
ਸਰਦਾਰ ਸਿੰਘ ਦੀ ਭੂਮਿਕਾ ਦੀ ਜਾਂਚ ਕਰੇਗੀ ਪੁਲਸ
ਸੈਕਟਰ-37 ਨਿਵਾਸੀ ਸਚਿਨ ਸ਼ਰਮਾ ਦੀ ਸ਼ਿਕਾਇਤ 'ਤੇ ਪੁਲਸ ਨੇ ਸੈਕਟਰ-35 ਨਿਵਾਸੀ ਦੀਦਾਰ ਸਿੰਘ ਤੇ ਹੋਰ ਖਿਲਾਫ ਕੁੱਟ-ਮਾਰ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰ ਲਿਆ। ਉਥੇ ਹੀ ਸੈਕਟਰ-35 ਨਿਵਾਸੀ ਦੀਦਾਰ ਸਿੰਘ ਦੀ ਸ਼ਿਕਾਇਤ 'ਤੇ ਸਚਿਨ ਵਰਮਾ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਐਕਸੀਡੈਂਟ ਦਾ ਮਾਮਲਾ ਦਰਜ ਕੀਤਾ। ਸੈਕਟਰ-36 ਥਾਣਾ ਪੁਲਸ ਨੇ ਦੀਦਾਰ ਸਿੰਘ ਤੇ ਸਚਿਨ ਵਰਮਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ। ਉਥੇ ਹੀ ਕੁੱਟ-ਮਾਰ ਮਾਮਲੇ 'ਚ ਪੁਲਸ ਹੁਣ ਸਾਬਕਾ ਹਾਕੀ ਕਪਤਾਨ ਪੰਜਾਬ ਪੁਲਸ ਦੇ ਡੀ. ਐੱਸ. ਪੀ. ਸਰਦਾਰ ਸਿੰਘ ਦੀ ਭੂਮਿਕਾ ਦੀ ਜਾਂਚ ਕਰੇਗੀ।
ਸਵਿਫਟ ਗੱਡੀ ਨੇ ਮਾਰੀ ਟੱਕਰ ਤਾਂ ਭਰਾ ਨੂੰ ਬੁਲਾਇਆ
ਸਰਦਾਰ ਸਿੰਘ ਦਾ ਭਰਾ ਦੀਦਾਰ ਸਿੰਘ ਐਤਵਾਰ ਸਵੇਰੇ 11 ਵਜੇ ਜੇ. ਡਬਲਯੂ. ਮੈਰੀਅਟ ਹੋਟਲ ਤੋਂ ਪਰਿਵਾਰ ਦੇ ਨਾਲ ਇਨੋਵਾ ਗੱਡੀ 'ਤੇ ਘਰ ਜਾ ਰਿਹਾ ਸੀ, ਜਦੋਂ ਉਹ ਸੈਕਟਰ-35 ਸਥਿਤ ਮਕਾਨ ਨੰਬਰ 106 ਕੋਲ ਪਹੁੰਚਿਆ ਤਾਂ ਸਵਿਫਟ ਗੱਡੀ ਨੇ ਡਰਾਈਵਰ ਸਾਈਡ ਵਾਲੀ ਖਿੜਕੀ 'ਤੇ ਟੱਕਰ ਮਾਰ ਦਿੱਤੀ। ਹਾਦਸੇ 'ਚ ਡਰਾਈਵਰ ਸਾਈਡ ਦੀ ਇਨੋਵਾ ਗੱਡੀ ਪੂਰੀ ਤਰ੍ਹਾ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਸਵਿਫਟ ਗੱਡੀ ਚਾਲਕ ਐੱਸ. ਬੀ. ਆਈ. ਮੈਨੇਜਰ ਸਚਿਨ ਵਰਮਾ ਨਾਲ ਬਹਿਸ ਹੋਣ ਲੱਗੀ।
ਸਚਿਨ ਵਰਮਾ ਨੇ ਦੋਸ਼ ਲਾਇਆ ਕਿ ਇਨੋਵਾ ਚਾਲਕ ਦੀਦਾਰ ਸਿੰਘ ਨੇ ਆਪਣੇ ਭਰਾ ਸਰਦਾਰ ਸਿੰਘ ਨੂੰ ਫੋਨ ਕਰਕੇ ਘਟਨਾ ਸਥਾਨ 'ਤੇ ਬੁਲਾਇਆ। ਸਰਦਾਰ ਸਿੰਘ ਸਵਿਫਟ ਗੱਡੀ 'ਚ ਆਪਣੇ ਦੋਸਤ ਨਾਲ ਮੌਕੇ 'ਤੇ ਪਹੁੰਚਿਆ। ਸਚਿਨ ਨੇ ਦੋਸ਼ ਲਾਇਆ ਕਿ ਸਰਦਾਰ ਸਿੰਘ ਤੇ ਉਸਦੇ ਭਰਾ ਦੀਦਾਰ ਸਿੰਘ ਨੇ ਉਸ ਨਾਲ ਕੁੱਟ-ਮਾਰ ਕੀਤੀ। ਐੱਸ. ਬੀ. ਆਈ. ਮੈਨੇਜਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਅਤੇ ਸੈਕਟਰ-36 ਥਾਣਾ ਪੁਲਸ ਮੌਕੇ 'ਤੇ ਪਹੁੰਚੀ।
ਪੁਲਸ ਦੇ ਸਾਹਮਣੇ ਚਲਿਆ ਗਿਆ ਸਰਦਾਰ ਸਿੰਘ
ਪੁਲਸ ਦੇ ਆਉਣ ਤੋਂ ਬਾਅਦ ਸਰਦਾਰ ਸਿੰਘ ਆਪਣੇ ਦੋਸਤ ਨਾਲ ਸਵਿਫਟ ਗੱਡੀ 'ਚ ਮੌਕੇ ਤੋਂ ਚਲਿਆ ਗਿਆ, ਜਦੋਂਕਿ ਉਹ ਵਾਰ-ਵਾਰ ਪੁਲਸ ਨੂੰ ਕਹਿੰਦਾ ਰਿਹਾ ਕਿ ਉਸ ਨਾਲ ਕੁੱਟ-ਮਾਰ ਕਰਨ ਵਾਲਾ ਭੱਜ ਰਿਹਾ ਹੈ। ਉਥੇ ਹੀ ਦੀਦਾਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸਚਿਨ ਵਰਮਾ ਕਾਫ਼ੀ ਰਫਤਾਰ 'ਚ ਸੀ। ਉਸਦੀ ਲਾਪ੍ਰਵਾਹੀ ਨਾਲ ਹਾਦਸਾ ਹੋਇਆ ਹੈ, ਉਨ੍ਹਾਂ ਨੇ ਕਿਸੇ ਨਾਲ ਕੁੱਟ-ਮਾਰ ਨਹੀਂ ਕੀਤੀ ਹੈ।
ਬੇਟੇ ਨੂੰ ਟਿਊਸ਼ਨ 'ਤੇ ਛੱਡ ਕੇ ਪਰਤ ਰਿਹਾ ਸੀ : ਮੈਨੇਜਰ
ਮੈਨੇਜਰ ਨੇ ਕਿਹਾ ਕਿਹਾ ਕਿ ਉਹ ਬੇਟੇ ਨੂੰ ਸੈਕਟਰ-35 'ਚ ਟਿਊਸ਼ਨ 'ਤੇ ਛੱਡ ਕੇ ਘਰ ਜਾ ਰਿਹਾ ਸੀ। ਅਚਾਨਕ ਇਨੋਵਾ ਗੱਡੀ ਅੱਗੇ ਆ ਗਈ ਅਤੇ ਹਾਦਸਾ ਹੋ ਗਿਆ। ਮੈਂ ਗੱਡੀ ਦਾ ਖਰਚਾ ਦੇਣ ਲਈ ਤਿਆਰ ਸੀ ਪਰ ਗੱਡੀ ਚਾਲਕ ਦੀਦਾਰ ਸਿੰਘ ਤੇ ਉਸਦੇ ਭਰਾ ਨੇ ਉਸਦੀ ਕੁੱਟ-ਮਾਰ ਕਰ ਦਿੱਤੀ।
ਬੱਚਿਆਂ ਨਾਲ ਹੋਟਲ ਤੋਂ ਪਰਤ ਰਿਹਾ ਸੀ : ਦੀਦਾਰ
ਹੋਟਲ ਤੋਂ ਬੱਚਿਆਂ ਨੂੰ ਲੈ ਕੇ ਘਰ ਜਾ ਰਿਹਾ ਸੀ। ਸਵਿਫਟ ਗੱਡੀ ਚਾਲਕ ਨੇ ਇਨੋਵਾ ਗੱਡੀ 'ਚ ਟੱਕਰ ਮਾਰ ਦਿੱਤੀ। ਗੱਡੀ ਦੀ ਸਪੀਡ ਕਾਫ਼ੀ ਤੇਜ਼ ਸੀ। ਹਾਦਸੇ ਤੋਂ ਬਾਅਦ ਕਾਰ ਚਾਲਕ ਦੁਰਵਿਵਹਾਰ ਕਰ ਰਿਹਾ ਸੀ। ਭਰਾ ਮੌਕੇ 'ਤੇ ਆਇਆ ਸੀ ਪਰ ਕੋਈ ਕੁੱਟ-ਮਾਰ ਨਹੀਂ ਕੀਤੀ। ਕਾਰ ਚਾਲਕ ਝੂਠੇ ਦੋਸ਼ ਲਾ ਰਿਹਾ ਹੈ।
ਐਕਸੀਡੈਂਟ ਮਾਮਲੇ 'ਚ ਕਰਾਸ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐੱਸ. ਬੀ. ਆਈ. ਮੈਨੇਜਰ ਦੀ ਸ਼ਿਕਾਇਤ 'ਤੇ ਦੀਦਾਰ ਸਿੰਘ ਅਤੇ ਹੋਰ ਖਿਲਾਫ ਕੁੱਟ-ਮਾਰ ਤੇ ਦੀਦਾਰ ਸਿੰਘ ਦੀ ਸ਼ਿਕਾਇਤ 'ਤੇ ਸਚਿਨ ਵਰਮਾ ਖਿਲਾਫ ਐਕਸੀਡੈਂਟ ਦਾ ਮਾਮਲਾ ਦਰਜ ਕੀਤਾ ਹੈ। ਸਚਿਨ ਵਰਮਾ ਨੇ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ 'ਤੇ ਕੁੱਟ-ਮਾਰ ਦੇ ਦੋਸ਼ ਲਾਏ ਹਨ, ਜਿਸਦੀ ਭੂਮਿਕਾ ਦੀ ਪੁਲਸ ਜਾਂਚ ਕਰ ਰਹੀ ਹੈ।