ਸਰਬੱਤ ਦਾ ਭਲਾ ਟਰੱਸਟ ਨੇ ਅਫ਼ਗ਼ਾਨਿਸਤਾਨ ਅੰਬੈਸੀ ਨੂੰ ਸ਼ਰਨਾਰਥੀਆਂ ਲਈ 120 ਟਨ ਰਾਸ਼ਨ ਸੌਂਪਿਆ

05/13/2021 2:04:56 PM

ਅੰਮ੍ਰਿਤਸਰ (ਕਮਲ) - ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪੱਲਿਓਂ ਕਰੋੜਾਂ ਰੁਪਏ ਖ਼ਰਚ ਕਰਕੇ ਦਿਨ-ਰਾਤ ਦੀਨ ਦੁਖੀਆਂ ਦੀ ਸੇਵਾ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅਫ਼ਗਾਨਿਸਤਾਨ ਅੰਬੈਸੀ ਨੂੰ ਅੰਬੈਸਡਰ ਫ਼ਰੀਦ ਮਾਮੰਦਜ਼ਈ ਦੀ ਮੌਜੂਦਗੀ ’ਚ ਅਫਗਾਨਿਸਤਾਨ ਤੋਂ ਉਜੜ ਕੇ ਭਾਰਤ ਆਏ 20 ਹਜ਼ਾਰ ਦੇ ਕਰੀਬ ਸ਼ਰਨਾਰਥੀਆਂ ਲਈ ਸੁੱਕੇ ਰਾਸ਼ਨ ਦੀ ਪਹਿਲੀ ਖੇਪ ਸੌਂਪ ਦਿੱਤੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅਫ਼ਗਾਨਿਸਤਾਨ ਅੰਬੈਸੀ ਦੇ ਅੰਬੈਸਡਰ ਫ਼ਰੀਦ ਮਾਮੰਦਜ਼ਈਦੀ ਨੇ ਉਨ੍ਹਾਂ ਨਾਲ ਇੰਟਰਨੈੱਟ ਜ਼ਰੀਏ ਮੀਟਿੰਗ ਕੀਤੀ ਸੀ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਕਰੀਬ 20 ਹਜ਼ਾਰ ਸ਼ਰਨਾਰਥੀਆਂ ਦੀ ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ’ਚ ਤਰਸਯੋਗ ਹਾਲਤ ਬਣੀ ਹੋਈ ਹੈ। ਕੋਈ ਕੰਮਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਵੇਲੇ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੀ ਸਖ਼ਤ ਜ਼ਰੂਰਤ ਹੈ। ਅੰਬੈਸੀ ਦੀ ਇਸ ਮੰਗ ਨੂੰ ਤੁਰੰਤ ਪੂਰਿਆਂ ਕਰਦਿਆਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਅਫ਼ਗਾਨਿਸਤਾਨ ਅੰਬੈਸੀ ਨੂੰ ਜਿੱਥੇ ਉਨ੍ਹਾਂ ਵੱਲੋਂ ਸਥਾਪਤ ਕੀਤੇ ਕੋਵਿਡ ਸੈਂਟਰਾਂ ਲਈ ਲੋੜੀਂਦਾ ਮੈਡੀਕਲ ਨਾਲ ਸਬੰਧਤ ਸਾਮਾਨ ਭੇਜ ਦਿੱਤਾ ਸੀ। ਉੱਥੇ ਟਰੱਸਟ ਦੇ ਪ੍ਰਮੁੱਖ ਮੈਂਬਰ ਰਵਿੰਦਰ ਸਿੰਘ ਰੌਬਿਨ, ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਰਾਹੀਂ ਉਕਤ ਸਾਰੇ ਸ਼ਰਨਾਰਥੀਆਂ ਨੂੰ ਟਰੱਸਟ ਵੱਲੋਂ 3 ਮਹੀਨੇ ਤੱਕ ਦਿੱਤੇ ਜਾਣ ਵਾਲੇ ਸੁੱਕੇ ਰਾਸ਼ਨ ਦੀ ਪਹਿਲੀ ਖੇਪ ਤਹਿਤ ਸੁੱਕੇ ਰਾਸ਼ਨ ਨਾਲ ਭਰੇ 11 ਟਰੱਕਾਂ ’ਚ 120 ਟਨ ਰਾਸ਼ਨ ਅੰਬੈਸੀ ਨੂੰ ਸੌਂਪ ਦਿੱਤਾ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਡਾ. ਓਬਰਾਏ ਨੇ ਦੱਸਿਆ ਕਿ ਇਹ ਰਾਸ਼ਨ ਦਿੱਲੀ, ਪੂਨਾ, ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ’ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਵੰਡਿਆ ਜਾਵੇਗਾ ਅਤੇ ਰਾਸ਼ਨ ਦੀ ਹਰ ਮਹੀਨੇ ਦਿੱਤੀ ਜਾਣ ਵਾਲੀ 30 ਕਿੱਲੋ ਦੀ ਇਕ ਕਿੱਟ ’ਚ 15 ਕਿੱਲੋ ਆਟਾ, 5 ਕਿੱਲੋ ਚਾਵਲ, 3 ਕਿੱਲੋ ਦਾਲ, 3 ਕਿਲੋ ਖੰਡ, 2 ਕਿੱਲੋ ਨਿਊਟਰੀ ਅਤੇ 2 ਲਿਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਰਾਸ਼ਨ ਤੋਂ ਇਲਾਵਾ ਮੈਡੀਕਲ ਦੇ ਸਾਮਾਨ ਤੇ ਟਰੱਸਟ ਦਾ ਕੁਲ 2 ਕਰੋੜ ਰੁਪਏ ਖ਼ਰਚ ਆਵੇਗਾ। ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅੰਬੈਸੀ ਨੂੰ ਇਹ ਵਿਸਵਾਸ਼ ਦਿਵਾਇਆ ਕਿ ਜੇਕਰ ਭਵਿੱਖ ’ਚ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰੱਸਟ ਉਨ੍ਹਾਂ ਦਾ ਸਾਥ ਦੇਵੇਗਾ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਡਾ. ਓਬਰਾਏ ਵੱਲੋਂ ਭੇਜਿਆ ਰਾਸ਼ਨ ਪ੍ਰਾਪਤ ਕਰਨ ਉਪਰੰਤ ਅਫਗਾਨਿਸਤਾਨ ਅੰਬੈਸਡਰ ਫ਼ਰੀਦ ਮਾਮੰਦਜ਼ਈ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ’ਚ ਡਾ. ਓਬਰਾਏ ਵਲੋਂ ਜੋ ਉਨ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਗਈ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਤੇ ਪੂਰੇ ਉਤਰਦਿਆਂ ਡਾ. ਓਬਰਾਏ ਤੇ ਹੋਰਨਾਂ ਭਾਰਤੀਆਂ ਨੇ, ਜੋ ਉਨ੍ਹਾਂ ਦੀ ਮਦਦ ਕੀਤੀ ਹੈ, ਉਸ ਨਾਲ ਅਫ਼ਗਾਨਿਸਤਾਨ ਤੇ ਭਾਰਤ ਦੇ ਆਪਸੀ ਸਬੰਧਾਂ ’ਚ ਹੋਰ ਮਿਠਾਸ ਵਧੇਗੀ। ਇਸ ਦੌਰਾਨ ਟਰੱਸਟ ਦੇ ਨੁਮਾਇੰਦਿਆਂ ਨੂੰ ਅਫਗਾਨਿਸਤਾਨ ਅੰਬੈਸੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਿੱਲੀ ਦੀ ਸਮਾਜ ਸੇਵਕਾ ਨਵਿਤਾ ਸ਼੍ਰੀਕਾਂਤ ਅਤੇ ਅੰਬੈਸੀ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ


rajwinder kaur

Content Editor

Related News