ਰੂਪਨਗਰ: ਐਂਟਰੀ ਫੀਸ ਨੂੰ ਲੈ ਕੇ ਵਿਵਾਦਾਂ 'ਚ ਘਿਰਿਆ ਸਰਸ ਮੇਲਾ, ਲੋਕਾਂ 'ਚ ਭਾਰੀ ਰੋਸ

10/07/2019 1:09:06 PM

ਰੂਪਨਗਰ (ਵਿਜੇ)— ਸ਼ਹਿਰ 'ਚ 26 ਸਤੰਬਰ ਤੋਂ ਸ਼ੁਰੂ ਹੋਇਆ ਸਰਸ ਮੇਲਾ ਹੁਣ ਵਿਵਾਦਾਂ 'ਚ ਘਿਰਦਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸਰਸ ਮੇਲੇ 'ਚ ਦਾਖਲ ਹੋਣ ਲਈ 20 ਰੁਪਏ ਦੀ ਐਂਟਰੀ ਫੀਸ ਰੱਖੀ ਗਈ ਹੈ ਅਤੇ ਮੇਲੇ ਦੌਰਾਨ ਗਾਇਕਾਂ ਦੀ ਪੇਸ਼ਕਾਰੀ ਵਾਲੇ ਦਿਨ ਪ੍ਰਸ਼ਾਸਨ ਦੀ ਨਿਗਰਾਨੀ 'ਚ ਠੇਕੇਦਾਰ ਵੱਲੋਂ ਇਹ ਫੀਸ ਪੰਜ ਗੁਣਾ ਜ਼ਿਆਦਾ ਅਰਥਾਤ 100 ਰੁਪਏ ਕਰ ਦਿੱਤੀ ਗਈ ਹੈ। ਸਰਸ ਮੇਲੇ 'ਚ ਦਾਖਲੇ ਲਈ ਰੱਖੀ ਗਈ ਫੀਸ ਇਕੱਠੀ ਕਰਨ ਲਈ ਪ੍ਰਸ਼ਾਸਨ ਵੱਲੋਂ ਠੇਕਾ ਦਿੱਤਾ ਗਿਆ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਠੇਕੇਦਾਰ ਵੱਲੋਂ ਇਸ ਫੀਸ ਦੀ ਆੜ 'ਚ ਮੋਟੀ ਕਮਾਈ ਕਰਨ ਲਈ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੀ ਨਿਗਰਾਨੀ 'ਚ ਠੇਕੇਦਾਰ ਨੇ ਗਾਇਕਾਂ ਦੀ ਪੇਸ਼ਕਾਰੀ ਦੇ ਦਿਨ ਸ਼ਾਮ 4 ਵਜੇ ਦੇ ਬਾਅਦ ਐਂਟਰੀ ਫੀਸ ਵਧਾ ਕੇ ਪਹਿਲਾਂ 50 ਰੁਪਏ ਕੀਤੀ ਅਤੇ ਹੁਣ ਇਹ ਫੀਸ ਪ੍ਰਤੀ ਵਿਅਕਤੀ 100 ਰੁਪਏ ਕਰ ਦਿੱਤੀ ਹੈ।

PunjabKesari

ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਪ੍ਰਸ਼ਾਸਨ ਵੀ ਅੱਖਾਂ ਬੰਦ ਕਰੀ ਬੈਠਾ ਹੈ। ਸ਼ਨੀਵਾਰ ਸ਼ਾਮ ਨੂੰ ਵੀ ਗਾਇਕ ਰਣਜੀਤ ਬਾਵਾ ਦੀ ਪਰਫਾਰਮੈਂਸ ਸਮੇਂ ਇਹ ਐਂਟਰੀ ਫੀਸ 20 ਰੁਪਏ ਤੋਂ ਵਧਾ ਕੇ 100 ਰੁਪਏ ਵਸੂਲੀ ਗਈ, ਜਿਸ ਕਾਰਨ ਆਮ ਲੋਕ ਮੇਲੇ ਦਾ ਅਨੰਦ ਨਹੀਂ ਲੈ ਸਕੇ। ਲੋਕਾਂ ਦਾ ਕਹਿਣਾ ਹੈ ਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਮੇਲਾ ਦੇਖਣਾ ਚਾਹੁੰਦੇ ਸਨ ਪਰ ਸ਼ਾਮ ਨੂੰ ਫੀਸ 'ਚ ਵਾਧੇ ਕਾਰਨ ਨਾ ਤਾਂ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਦਸਤਕਾਰਾਂ ਵੱਲੋਂ ਤਿਆਰ ਸਾਮਾਨ ਨੂੰ ਦੇਖ ਸਕੇ ਅਤੇ ਨਾ ਹੀ ਗਾਇਕਾਂ ਦੀ ਪਰਫਾਰਮੈਂਸ ਦੇਖੀ ਗਈ। ਲੋਕਾਂ ਨੇ ਕਿਹਾ ਕਿ ਜੇਕਰ ਇਕ ਪਰਿਵਾਰ ਨੇ ਮੇਲਾ ਦੇਖਣਾ ਹੈ ਤਾਂ ਘੱਟੋ-ਘੱਟ 500 ਰੁਪਏ ਤਾਂ ਐਂਟਰੀ ਫੀਸ ਦੇ ਨਾਂ 'ਤੇ ਹੀ ਵਸੂਲ ਲਈ ਜਾਂਦੇ ਹਨ ਜਦਕਿ ਇਸਦੇ ਬਾਅਦ ਖਾਣ-ਪੀਣ ਦੇ ਸਟਾਲਾਂ ਮਹਿੰਗੇ ਭਾਅ ਨੇ ਇਹ ਮੇਲਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਮੇਲਾ ਦੇਖਣ ਆਏ ਕੁੱਝ ਲੋਕ ਐਂਟਰੀ ਫੀਸ ਦੇ ਵਾਧੇ ਕਾਰਨ ਨਿਰਾਸ਼ ਹੋ ਕੇ ਵਾਪਸ ਚਲੇ ਗਏ।

ਸਥਾਨਕ ਨਿਵਾਸੀ ਜਗਮੋਹਨ ਰਾਣਾ ਨੇ ਕਿਹਾ ਕਿ ਡੀ. ਸੀ. ਵੱਲੋਂ ਅਖਬਾਰਾਂ ਵਿਚ ਮੇਲੇ ਦੀ ਟਿਕਟ 20 ਰੁਪਏ ਦੱਸੀ ਗਈ ਸੀ ਜਦਕਿ ਮੌਕੇ 'ਤੇ 100 ਰੁਪਏ ਐਂਟਰੀ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਦੋ ਬੇਟੀਆਂ ਦੇ ਨਾਲ ਸਰਸ ਮੇਲਾ ਦੇਖਣ ਆਏ ਸਨ ਪਰ ਟਿਕਟਾਂ 'ਤੇ 300 ਰੁਪਏ ਖਰਚ ਹੁੰਦੇ ਦੇਖ ਉਹ ਵਾਪਸ ਚਲੇ ਆਏ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਮੇਲਾ ਸਰਕਾਰ ਦੀ ਬਜਾਏ ਕੋਈ ਨਿੱਜੀ ਕੰਪਨੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿਚ ਐਂਟਰੀ 'ਤੇ ਕੋਈ ਪ੍ਰਸ਼ਾਸਨ ਦਾ ਹੈਲਪ ਡੈਸਕ ਤੱਕ ਨਹੀਂ ਹੈ ਜਦਕਿ ਹਰ ਮੇਲੇ 'ਚ ਲੋਕਾਂ ਦੀ ਸੁਵਿਧਾ ਲਈ ਹੈਲਪ ਡੈਸਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਕੋਈ ਜ਼ਿੰਮੇਵਾਰ ਅਧਿਕਾਰੀ ਨਹੀਂ ਹੈ ਜੋ ਲੋਕਾਂ ਨੂੰ ਜਵਾਬ ਦੇ ਸਕੇ।

PunjabKesari

ਕੁਝ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਪ੍ਰਸ਼ਾਸਨ ਨੇ ਇਹ ਮੇਲਾ ਨਿੱਜੀ ਹੱਥਾਂ ਵਿਚ ਵੇਚ ਦਿੱਤਾ ਹੈ, ਜਿਸ ਵਜ੍ਹਾ ਨਾਲ ਨਿੱਜੀ ਠੇਕੇਦਾਰ ਲੋਕਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲੇ 'ਚ ਖਾਣਪੀਣ ਦੀਆਂ ਚੀਜ਼ਾਂ ਦੇ ਰੇਟ ਇੰਨੇ ਵਧਾ ਦਿੱਤੇ ਗਏ ਹਨ ਕਿ ਵੱਖ-ਵੱਖ ਰਾਜਾਂ ਦੇ ਪਕਵਾਨ ਖਾਣ ਦਾ ਸ਼ੌਕ ਰੱਖਣ ਵਾਲੇ ਲੋਕ ਰੇਟ ਦੇਖ ਕੇ ਮਾਯੂਸ ਹੋ ਰਹੇ ਹਨ। ਲੋਕਾਂ ਨੇ ਕਿਹਾ ਕਿ ਮੇਲੇ 'ਚ ਬੱਚੇ ਕੁਝ ਖਾਣ ਦੀ ਜ਼ਿਦ ਕਰਦੇ ਹਨ ਪਰ ਜੇਬ 'ਤੇ ਡਾਕਾ ਪੈਂਦਾ ਦੇਖ ਕੇ ਉਹ ਬੱÎਚਿਆਂ ਦੀ ਇੱਛਾ ਪੂਰੀ ਨਹੀਂ ਕਰ ਪਾ ਰਹੇ। ਲੋਕਾਂ ਨੇ ਕਿਹਾ ਕਿ ਇਸ ਸਰਸ ਮੇਲੇ ਦਾ ਮਕਸਦ ਭਾਰਤ ਦੇ ਵਿਭਿੰਨ ਰਾਜਾਂ ਨੂੰ ਆਪਸ 'ਚ ਜੋੜਨਾ ਹੈ ਤਾਂ ਕਿ ਲੋਕਾਂ ਨੂੰ ਇਕ ਦੂਜੇ ਰਾਜ ਦੇ ਖਾਣ-ਪੀਣ ਅਤੇ ਕਲਚਰ ਦਾ ਪਤਾ ਚੱਲ ਸਕੇ। ਪਰ ਪ੍ਰਸ਼ਾਸਨ ਦੇ ਇਸ ਰਵੱਈਏ ਕਾਰਣ ਮੇਲੇ ਦਾ ਅਸਲ ਮਕਸਦ ਖਤਮ ਹੋ ਗਿਆ ਹੈ।

ਸ਼ਾਮ ਚਾਰ ਵਜੇ ਦੇ ਬਾਅਦ ਵਧਾਏ ਰੇਟ : ਡੀ. ਸੀ.
ਦੂਜੇ ਪਾਸੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਕਿਹਾ ਕਿ ਗਾਇਕ ਦੀ ਪਰਫਾਰਮੈਂਸ ਵਾਲੇ ਦਿਨ ਸ਼ਾਮ ਚਾਰ ਵਜੇ ਦੇ ਬਾਅਦ ਇਹ ਐਂਟਰੀ ਫੀਸ ਵਧਾਈ ਗਈ ਹੈ ਜਦਕਿ ਆਮ ਦਿਨਾਂ ਵਿਚ ਇਹ ਫੀਸ 20 ਰੁਪਏ ਹੀ ਰਹੀ ਹੈ।


shivani attri

Content Editor

Related News