ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪ੍ਰਗਟ ਸਿੰਘ ਵਿਧਾਇਕੀ ਤੋਂ ਦੇਣ ਅਸਤੀਫਾ: ਮੱਕੜ
Sunday, May 24, 2020 - 10:47 AM (IST)
ਜਲੰਧਰ (ਜ. ਬ.)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਇੰਚਾਰਜ ਜਲੰਧਰ ਕੈਂਟ ਸਰਬਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਇਸ ਕਾਂਗਰਸੀ ਵਿਧਾਇਕ ਨੇ ਇਕ ਨਵਾਂ ਤਰੀਕਾ ਲੱਭ ਲਿਆ ਹੈ ਕਿ ਦੂਜਿਆਂ ਨੂੰ ਬੇਈਮਾਨ ਕਹੋ ਅਤੇ ਖੁਦ ਨੂੰ ਇਮਾਨਦਾਰ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੋ। ਉਨ੍ਹਾਂ ਕਿਹਾ ਕਿ ਜਿਹੜਾ ਬਿਆਨ ਸ਼ਰਾਬ ਦੀ ਸਮੱਗਲਿੰਗ ਅਤੇ ਮਾਲੀਏ ਬਾਰੇ ਹੁਣ ਤਕਰੀਬਨ ਸਰਕਾਰ ਦੇ 4 ਸਾਲ ਬੀਤ ਜਾਣ 'ਤੇ ਪ੍ਰਗਟ ਸਿੰਘ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਦੇ ਰਿਹਾ ਹੈ, ਇਹ ਮੁੱਦਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕਾਂਗਰਸ ਸਰਕਾਰ ਦੇ ਸ਼ਾਸਨ ਤੋਂ ਸ਼ੁਰੂ ਤੋਂ ਹੀ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਕਰਨ ਦੀ ਗੱਲ ਉਜਾਗਰ ਕਰਦੇ ਹੋਏ ਉਠਾਇਆ ਸੀ। ਉਹ ਕਈ ਵਾਰ ਇਹ ਮਾਮਲਾ ਉਠਾ ਚੁੱਕੇ ਹਨ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸ਼ਰਾਬ ਦੀ ਨਾਜਾਇਜ਼ ਵਿਕਰੀ ਕਰਵਾਏ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਭਾਵੇਂ ਸ਼ਰਾਬ ਪੰਜਾਬ ਦੀ ਵਿਕੇ ਜਾਂ ਹਰਿਆਣੇ ਦੀ ਵਿਕੇ ਉਸ ਦਾ ਲਾਭ ਕਾਂਗਰਸੀ ਵਿਧਾਇਕਾਂ ਨੂੰ ਹੀ ਹੁੰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਕਾਂਗਰਸੀ ਨੇਤਾਵਾਂ ਨੇ ਤਾਂ ਆਪਣੀਆਂ ਛੋਟੀਆਂ ਸ਼ਰਾਬ ਦੀਆਂ ਫੈਕਟਰੀਆਂ ਲਾਈਆਂ ਹੋਈਆਂ ਹਨ, ਜਿਸ ਨਾਲ ਇਨ੍ਹਾਂ ਲੋਕਾਂ ਦੇ ਘਰ ਤਾਂ ਭਰ ਗਏ ਪਰ ਪੰਜਾਬ ਦਾ ਮਾਲੀਆ ਬਹੁਤ ਘਟ ਗਿਆ ਅਤੇ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ। ਜਦੋਂ ਸ. ਮਜੀਠੀਆ ਨੇ ਮਾਮਲਾ ਉਠਾਇਆ ਸੀ ਤਾਂ ਉਸ ਵੇਲੇ ਜੇਕਰ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ, ਜੋ ਹੁਣ ਰੌਲਾ ਪਾ ਰਹੇ ਹਨ, ਆਵਾਜ਼ ਉਠਾਉਂਦੇ ਤਾਂ ਇਸ ਆਵਾਜ਼ ਉਠਾਉਣ ਦਾ ਫਾਇਦਾ ਹੁੰਦਾ। ਸੂਬੇ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ, ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਇਸ ਬਾਰੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਾਨਫਰੰਸ ਕੀਤੀ ਅਤੇ ਫਿਰ ਪ੍ਰਗਟ ਸਿੰਘ ਨੇ ਕੀਤੀ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਸ. ਪ੍ਰਗਟ ਸਿੰਘ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਅਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਕਿਹੜੀ ਖਿਚੜੀ ਪਕਾ ਰਹੇ ਹੋ?
ਰਾਸ਼ਨ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਮੰਤਰੀ ਪਾਸਵਾਨ ਨੇ ਅੰਕੜੇ ਦੱਸੇ ਹਨ ਕਿ ਕੇਂਦਰ ਸਰਕਾਰ ਨੇ ਕਦੋਂ ਅਤੇ ਕਿੰਨਾ ਰਾਸ਼ਨ ਭੇਜਿਆ ਹੈ ਪਰ ਤੁਸੀਂ ਲੋੜਵੰਦਾਂ ਨੂੰ ਦੇਣ ਦੀ ਬਜਾਏ ਇਸ ਲਈ ਉਡੀਕ ਕਰਦੇ ਰਹੇ ਕਿ ਪਹਿਲਾਂ ਤੁਹਾਡੀਆਂ ਫੋਟੋਆਂ ਛਪ ਜਾਣ ਉਸ ਤੋਂ ਬਾਅਦ ਵੰਡਾਂਗੇ, ਜਾਂ ਇਹ ਵੇਖਦੇ ਰਹੇ ਕਿ ਪਹਿਲਾਂ ਲੋਕ ਹੋਰ ਤੜਪ ਲੈਣ।
ਉਹਨਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਦੇ ਵਿਧਾਇਕਾਂ ਨੇ ਥਾਣੇਦਾਰ ਬਣ ਕੇ ਲੋਕਾਂ ਦਾ ਪੈਸਾ ਭ੍ਰਿਸ਼ਟ ਤਰੀਕੇ ਨਾਲ ਲੁੱਟਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਾਂਗਰਸੀਆਂ ਨੇ ਪਾਰਕਾਂ 'ਚ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਸ਼ਰਾਬ ਅਤੇ ਲੋਕਲ ਬਾਡੀ ਮਹਿਕਮੇ ਰਾਹੀਂ ਅਤੇ ਹੋਰ ਮਹਿਕਮਿਆਂ ਰਾਹੀਂ ਪੈਸਾ ਇਕੱਠਾ ਕਰਕੇ ਕਾਂਗਰਸੀ ਨੇਤਾਵਾਂ ਦੀਆਂ ਜੇਬਾਂ ਤੱਕ ਗਿਆ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਭ੍ਰਿਸ਼ਟ ਲੋਕਾਂ ਦੀ ਸ਼ਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਨਾਲ ਸੁਖਮਿੰਦਰ ਸਿੰਘ ਰਾਜਪਾਲ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਮਨਸਿਮਰਨ ਸਿੰਘ ਮੱਕੜ ਕੋਰ ਕਮੇਟੀ ਮੈਂਬਰ ਹਨੀ ਕਾਲੜਾ ਹਾਜ਼ਰ ਸਨ।