ਘਰ ਪਹੁੰਚੀ ਸੰਤੋਖ ਸਿੰਘ ਚੌਧਰੀ ਦੀ ਮ੍ਰਿਤਕ ਦੇਹ, ਰਾਹੁਲ ਗਾਂਧੀ ਨੇ ਪਰਿਵਾਰ ਨਾਲ ਜਤਾਇਆ ਦੁੱਖ਼
Saturday, Jan 14, 2023 - 01:57 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਤੋਂ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦਾ ਅੱਜ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਉਥੇ ਹੀ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਇਸ ਦੁੱਖ਼ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਰਾਹੁਲ ਗਾਂਧੀ ਨੇ ਦੁੱਖ਼ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਨਾਲ ਡੂੰਘੇ ਸਦਮੇ 'ਚ ਹਾਂ। ਸੰਤੋਖ ਸਿੰਘ ਚੌਧਰੀ ਮਿਹਨਤੀ ਨੇਤਾ ਸਨ। ਯੂਵਾ ਕਾਂਗਰਸ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਨੇ ਆਪਣਾ ਜੀਵਨ ਜਨਸੇਵਾ ਨੂੰ ਸਮਰਪਿਤ ਕੀਤਾ ਹੈ।
ਜਿਵੇਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਹਾਲੋ-ਬੇਹਾਲ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਚੌਧਰੀ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 11 ਵਜੇ ਜੱਦੀ ਪਿੰਡ ਧਾਲੀਵਾਲ ਵਿਖੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਅੱਜ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਅਚਾਨਕ ਸਿਹਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਨੂੰ ਤੁਰੰਤ ਫਗਵਾੜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ। ਇਸ ਦੁੱਖ਼ਭਰੀ ਖ਼ਬਰ ਤੋਂ ਬਾਅਦ ਰਾਹੁਲ ਨੇ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਅਤੇ ਉਨ੍ਹਾਂ ਨੂੰ ਵੇਖਣ ਲਈ ਹਸਪਤਾਲ ਪਹੁੰਚੇ।
ਇਹ ਵੀ ਪੜ੍ਹੋ : ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ
ਰਾਹੁਲ ਗਾਂਧੀ ਨੇ 10 ਜਨਵਰੀ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਦੇ ਖੰਨਾ ਤੱਕ ਦੀ ਯਾਤਰਾ ਕੀਤੀ। ਦੂਜੇ ਦਿਨ ਇਹ ਯਾਤਰਾ ਸਮਰਾਲਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਂਕ ਵਿਖੇ ਜਨ ਸਭਾ ਨਾਲ ਸਮਾਪਤ ਹੋਈ। ਇਸ ਦਿਨ ਰਾਹੁਲ ਗਾਂਧੀ ਸ਼ਾਮ ਨੂੰ ਯਾਤਰਾ ਨਹੀਂ ਕੀਤੀ ਅਤੇ ਉਥੋਂ ਦਿੱਲੀ ਲਈ ਰਵਾਨਾ ਹੋ ਗਏ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਨਹੀਂ ਕੱਢੀ ਗਈ ਸੀ।
ਇਹ ਵੀ ਪੜ੍ਹੋ : ਜਲੰਧਰ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਲੋਕ ਇਨ੍ਹਾਂ ਰੂਟਾਂ ਦੀ ਕਰਨਗੇ ਵਰਤੋਂ, ਟਰੈਫਿਕ ਰੂਟਾਂ ਦੇ ਵੇਰਵੇ ਹੋਏ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ