ਫਿਰ ਤੋਂ ਵਿਵਾਦਾਂ ''ਚ ਘਿਰੇ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ

02/20/2020 11:37:56 AM

ਜਲੰਧਰ (ਚੋਪੜਾ)— ਵਿਵਾਦਾਂ 'ਚ ਘਿਰੇ ਰਹਿਣਾ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਕੋਈ ਨਵੀਂ ਗੱਲ ਨਹੀਂ ਹੈ। ਹੁਣ ਇਕ ਵਾਰ ਫਿਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਇਕ ਨਵੇਂ ਵਿਵਾਦ 'ਚ ਫਸਦੇ ਦਿਖਾਈ ਦੇ ਰਹੇ ਹਨ। ਵਿਮਲ ਰਾਏ ਨਾਂ ਦੇ ਇਕ ਨੌਜਵਾਨ ਨੇ ਸੰਸਦ ਮੈਂਬਰ ਸੰਤੋਖ ਚੌਧਰੀ 'ਤੇ ਉਸ ਦੀ ਮਿਹਨਤ ਨੂੰ ਹੜੱਪਣ ਦੇ ਦੋਸ਼ ਲਾਏ। ਪੀੜਤ ਨੌਜਵਾਨ ਨੇ ਕਿਹਾ ਕਿ ਜੇਕਰ ਉਸ ਦੇ ਪੈਸੇ ਵਾਪਸ ਨਾ ਮਿਲੇ ਤਾਂ ਉਹ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਘਰ ਅੱਗੇ ਧਰਨਾ ਲਾਉਣ ਤੋਂ ਇਲਾਵਾ ਪੁਲਸ 'ਚ ਫਰਾਡ ਦੀ ਸ਼ਿਕਾਇਤ ਦਰਜ ਕਰਵਾਉਣਗੇ। ਇਸ ਤੋਂ ਇਲਾਵਾ ਉਹ ਚੋਣ ਕਮਿਸ਼ਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕਰਨਗੇ।

ਚੋਣਾਂ 'ਚ ਚੋਣ ਪ੍ਰਚਾਰ ਲਈ ਵਰਤੇ ਗਏ ਵਾਹਨਾਂ ਦਾ ਖਰਚ ਨਹੀਂ ਦਿੱਤਾ ਪੂਰਾ
ਵਿਮਲ ਨੇ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਸੰਤੋਖ ਚੌਧਰੀ ਨੇ ਆਪਣੇ ਚੋਣ ਪ੍ਰਚਾਰ ਲਈ ਉਸ ਤੋਂ ਐੱਲ. ਈ. ਡੀ., ਸਾਊਂਡ ਸਿਸਟਮ ਅਤੇ ਹੋਰ ਚੋਣ ਪ੍ਰਚਾਰ ਸਮੱਗਰੀ ਫਿੱਟ ਕਰਵਾ ਕੇ 9 ਛੋਟੇ ਹਾਥੀ (ਟੈਂਪੂ ਵਾਹਨ) ਤਿਆਰ ਕਰਵਾਏ ਸਨ। ਉਕਤ 9 ਛੋਟੇ ਹਾਥੀਆਂ ਜ਼ਰੀਏ ਉਸ ਨੂੰ 9 ਤੋਂ 17 ਮਈ ਤਕ ਦਾ ਠੇਕਾ ਦਿੱਤਾ ਗਿਆ ਸੀ। ਜਿਸ ਦੇ ਬਦਲੇ ਉਸ ਨੂੰ ਰੋਜ਼ਾਨਾ ਹਰੇਕ ਵਾਹਨ ਦੇ 9 ਹਜ਼ਾਰ ਰੁਪਏ ਦੇਣਾ ਤੈਅ ਹੋਇਆ ਸੀ। ਇਹ ਵਾਹਨ ਰੋਜ਼ਾਨਾ ਆਪਣੇ ਵਾਹਨਾਂ ਨੂੰ ਡਰਾਈਵਰ ਅਤੇ ਹੋਰ ਲੇਬਰ ਦੇ ਨਾਲ ਜਲੰਧਰ ਲੋਕ ਸਭਾ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ 'ਚ ਚੋਣ ਪ੍ਰਚਾਰ ਲਈ ਭੇਜਦੇ ਸਨ। ਵਿਮਲ ਨੇ ਦੱਸਿਆ ਕਿ ਉਹ ਵਾਹਨਾਂ 'ਚ ਤੇਲ ਅਤੇ ਹੋਰ ਖਰਚ ਖੁਦ ਦੀ ਜੇਬ 'ਚੋਂ ਕਰਦਾ ਰਿਹਾ ਅਤੇ ਵਾਹਨਾਂ ਦਾ ਕੁਲ ਖਰਚ 7,92,000 ਰੁਪਏ ਬਣਿਆ, ਜਿਸ 'ਚੋਂ ਸੰਤੋਖ ਚੌਧਰੀ ਨੇ ਸਿਰਫ 36 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ। 

ਪੈਸੇ ਲੈਣ ਲਈ ਘਰ ਦੇ ਲਗਾਏ ਕਈ ਚੱਕਰ ਵਿਮਲ ਨੇ ਦੋਸ਼ ਲਾਇਆ ਕਿ ਸੰਤੋਖ ਚੌਧਰੀ ਦੇ ਚੋਣਾਂ ਜਿੱਤਣ ਤੋਂ ਬਾਅਦ ਉਹ ਉਸ ਦੇ ਘਰ ਆਪਣੇ ਪੈਸੇ ਲੈਣ ਲਈ ਕਈ ਚੱਕਰ ਲਗਾਉਂਦਾ ਆ ਰਿਹਾ ਹੈ ਪਰ 19 ਮਈ ਤੋਂ ਬਾਅਦ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। 2-3 ਵਾਰ ਉਸ ਦੀ ਸੰਸਦ ਮੈਂਬਰ ਚੌਧਰੀ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਲੜਕੇ ਵਿਕਰਮਜੀਤ ਸਿੰਘ ਚੌਧਰੀ ਜੋ ਕਿ ਫਿਲੌਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਹੈ, ਨਾਲ ਗੱਲ ਕਰਦੇ ਹਨ ਉਹ ਉਨ੍ਹਾਂ ਦੇ ਪੈਸੇ ਦੇ ਦੇਵੇਗਾ। ਵਿਮਲ ਨੇ ਦੱਸਿਆ ਕਿ ਹੁਣ ਨਾ ਤਾਂ ਸੰਸਦ ਮੈਂਬਰ ਚੌਧਰੀ ਸੰਤੋਖ ਅਤੇ ਵਿਕਰਮਜੀਤ ਚੌਧਰੀ ਉਸ ਨਾਲ ਮਿਲਦੇ ਹਨ ਅਤੇ ਨਾ ਹੀ ਉਸ ਦਾ ਫੋਨ ਚੁੱਕਦੇ ਹਨ। ਵਿਮਲ ਨੇ ਕਿਹਾ ਕਿ ਉਸ ਨੂੰ ਆਪਣਾ ਬਕਾਇਆ 4,32,000 ਰੁਪਏ ਲੈਣ ਲਈ ਭਟਕਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਇਹ ਸਿਰਫ ਉਸ ਦੇ ਪੈਸੇ ਨਹੀਂ ਹਨ ਸਗੋਂ ਉਸ ਗਰੀਬ ਲੇਬਰ ਦੇ ਵੀ ਹਨ, ਜੋ ਵਾਹਨਾਂ 'ਚ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪੱਖ 'ਚ ਚੋਣ ਪ੍ਰਚਾਰ ਕਰਦੀ ਰਹੀ। ਵਿਮਲ ਨੇ ਕਿਹਾ ਕਿ ਉਕਤ ਸਾਰੇ ਲੋਕ ਮੇਰੇ ਨਾਲ ਸੰਸਦ ਮੈਂਬਰ ਚੌਧਰੀ ਦੇ ਘਰ ਦੇ ਬਾਹਰ ਧਰਨੇ 'ਤੇ ਬੈਠਣ ਲਈ ਤਿਆਰ ਹਨ। ਜੇਕਰ ਫਿਰ ਵੀ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ।
 

ਚੋਣ ਕਮਿਸ਼ਨਰ ਨੂੰ ਸ਼ਿਕਾਇਤ ਦੇਣ 'ਤੇ ਖਰਚ ਸਾਬਿਤ ਹੋਇਆ ਤਾਂ ਖਤਰੇ 'ਚ ਵੀ ਪੈ ਸਕਦੀ ਹੈ ਸੰਸਦੀ ਸੀਟ
ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਹਰੇਕ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਨੂੰ ਲੈ ਕੇ ਖਰਚ ਨਿਰਧਾਰਿਤ ਰੱਖਿਆ ਗਿਆ ਹੈ ਪਰ ਜਿਸ ਤਰ੍ਹਾਂ ਵਿਮਲ ਨੂੰ ਐੱਲ. ਈ. ਡੀ. ਵਾਹਨਾਂ 'ਤੇ ਖਰਚ ਰਸੀਦਾਂ ਅਤੇ ਹੋਰ ਦਸਤਾਵੇਜ਼ ਪ੍ਰਮਾਣ ਦੇ ਤੌਰ 'ਤੇ ਦਿਸ ਿਰਹਾ ਹੈ। ਵਿਮਲ ਨੇ ਚਿਤਾਵਨੀ ਦਿੱਤੀ ਹੈ ਕਿ ਸੰਤੋਖ ਚੌਧਰੀ ਨੇ 7.92 ਲੱਖ ਰੁਪਏ 'ਚੋਂ ਉਸ ਦਾ ਬਣਦਾ 4.32 ਹਜ਼ਾਰ ਰੁਪਏ ਦਾ ਬਕਾਇਆ ਨਾ ਦਿੱਤਾ ਤਾਂ ਉਹ ਭਾਰਤੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨਗੇ। ਹੁਣ ਜੇਕਰ ਵਿਮਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਉਸ ਵੱਲੋਂ ਐੱਲ. ਈ. ਡੀ.ਵਾਹਨਾਂ 'ਤੇ ਕੀਤਾ ਖਰਚ ਪ੍ਰਮਾਣਿਤ ਹੋ ਗਿਆ। ਸੰਤੋਖ ਚੌਧਰੀ ਨੇ ਉਕਤ ਰਕਮ ਨੂੰ ਆਪਣੇ ਚੋਣ ਖਰਚ 'ਚੋਂ ਨਾ ਦਿਖਾਇਆ ਹੋਵੇ ਤੇ ਸੰਤੋਖ ਚੌਧਰੀ ਦੀ ਸੰਸਦੀ ਸੀਟ ਵੀ ਖਤਰੇ 'ਚ ਪੈ ਸਕਦੀ ਹੈ ਕਿਉਂਕਿ ਤੈਅ ਸੀਮਾ ਤੋਂ ਵੱਧ ਕੀਤਾ ਖਰਚ ਕਦੀ ਵੀ ਜੇਤੂ ਉਮੀਦਵਾਰ ਦੇ ਗਲੇ 'ਚ ਖਤਰੇ ਦੀ ਘੰਟੀ ਬਣ ਸਕਦਾ ਹੈ।

ਚੌਧਰੀ ਪਰਿਵਾਰ 'ਤੇ ਕੰਮ ਕਰਵਾ ਕੇ ਪੈਸੇ ਨਾ ਦੇਣ ਦੀ ਸ਼ਿਕਾਇਤ ਕੋਈ ਨਵੀਂ ਗੱਲ ਨਹੀਂ ਹੈ
ਸੰਸਦ ਮੈਂਬਰ ਸੰਤੋਖ ਚੌਧਰੀ ਪਰਿਵਾਰ ਖਿਲਾਫ ਕੰਮ ਦੇ ਬਦਲੇ ਪੈਸੇ ਨਾ ਦੇਣ ਦੀ ਸ਼ਿਕਾਇਤ ਕੋਈ ਨਵੀਂ ਗੱਲ ਨਹੀਂ ਹੈ। ਮਾਮਲੇ ਪਹਿਲਾਂ ਵੀ ਚਰਚਾ 'ਚ ਆਉਂਦੇ ਰਹੇ ਹਨ। ਕੁਝ ਹਫਤੇ ਪਹਿਲਾਂ ਚੌਧਰੀ ਦੇ ਫੈਸਲੇ 'ਚ ਮੈਨੇਜਰ ਦਾ ਕੰਮ ਕਰਨ ਵਾਲੇ ਯੋਗ ਨੌਜਵਾਨ ਨੇ ਵੀ ਸੰਸਦ ਮੈਂਬਰ ਚੌਧਰੀ ਦੇ ਪਰਿਵਾਰਕ ਮੈਂਬਰਾਂ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਨਾਲ ਕੁੱਟਮਾਰ ਕਰਕੇ ਜਬਰੀ ਚੈੱਕ ਸਾਈਨ ਕਰਵਾਏ ਅਤੇ ਆਪਣੇ ਰਾਜਨੀਤਿਕ ਪ੍ਰਭਾਵ ਕਾਰਣ ਉਲਟਾ ਉਸ ਨੂੰ ਪੁਲਸ ਥਾਣੇ 'ਚ ਬੰਦ ਕਰਵਾ ਦਿੱਤਾ।


shivani attri

Content Editor

Related News