ਚੋਣਾਂ ਤੋਂ ਪਹਿਲਾਂ ਵਿਵਾਦਾਂ ''ਚ ਘਿਰੇ ਸੰਤੋਖ ਚੌਧਰੀ, ਸਾਹਮਣੇ ਆਇਆ ਸਟਿੰਗ ਆਪ੍ਰੇਸ਼ਨ
Tuesday, Mar 19, 2019 - 06:28 PM (IST)
ਜਲੰਧਰ—ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜਦੋਂ ਆਖਰੀ ਪੜਾਅ 'ਚ ਹਨ, ਐਨ ਉਸ ਮੌਕੇ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵਿਵਾਦਾਂ 'ਚ ਘਿਰ ਗਏ ਹਨ। ਸੰਤੋਖ ਸਿੰਘ ਚੌਧਰੀ ਦਾ ਇਕ ਸਟਿੰਗ ਆਪ੍ਰੇਸ਼ਨ ਸਾਹਮਣੇ ਆਇਆ ਹੈ, ਜਿਸ 'ਚ ਉਹ ਇਕ ਟੀ. ਵੀ. ਰਿਪੋਰਟਰ ਦੇ ਨਾਲ ਪੈਸਿਆਂ ਦੇ ਲੈਣ-ਦੇਣ ਦੀ ਗੱਲਬਾਤ ਕਰ ਰਹੇ ਹਨ। ਇਸ ਸਟਿੰਗ ਆਪ੍ਰੇਸ਼ਨ 'ਚ ਰਿਪਬਲਿਕ ਦੇ ਟੀ. ਵੀ. ਰਿਪੋਰਟਰ ਅਤੇ ਸੰਤੋਖ ਸਿੰਘ ਚੌਧਰੀ ਦੀ ਪੈਸਿਆਂ ਦੇ ਲੈਣ-ਦੇਣ ਦੀ ਸਪਸ਼ਟ ਗੱਲਬਾਤ ਸੁਣਾਈ ਦੇ ਰਹੀ ਹੈ। ਇਹ ਪੈਸਾ ਨਿਵੇਸ਼ ਦੇ ਨਾਂ 'ਤੇ ਇਕੱਠਾ ਕੀਤਾ ਜਾ ਰਿਹਾ ਹੈ।
ਵੀਡੀਓ 'ਚ ਚੌਧਰੀ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੋਦੀ ਵੱਲੋਂ ਕੀਤੀ ਗਈ ਸਖਤੀ ਅਤੇ ਨੋਟਬੰਦੀ ਦੇ ਕਾਰਨ ਕੋਈ ਵੀ ਅਨੈਤਿਕ ਕੰਮ ਨਹੀਂ ਹੋ ਰਿਹਾ ਹੈ। ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੋ ਲੋਕ ਸਮੱਗਲਿੰਗ ਕਰਦੇ ਹਨ, ਸਿਰਫ ਉਨ੍ਹਾਂ ਦੇ ਕੋਲ ਹੀ ਪੈਸਾ ਹੈ। ਰਿਪੋਰਟਰ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ 'ਚ ਸੰਤੋਖ ਚੌਧਰੀ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ''ਤੁਸੀਂ ਮੈਨੂੰ ਪੈਸੇ ਦਿਓ, ਮੈਂ ਤੁਹਾਨੂੰ ਫੇਵਰ ਦੇਵਾਂਗਾ।'' ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਇਸ ਸਟਿੰਗ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਟਿੰਗ ਆਪ੍ਰੇਸ਼ਨ ਬਾਰੇ 'ਜਗ ਬਾਣੀ' ਕਿਸੇ ਤਰ੍ਹਾਂ ਦੀ ਵੀ ਕੋਈ ਪੁਸ਼ਟੀ ਨਹੀਂ ਕਰਦਾ ਹੈ।