ਸੰਤੋਖ ਚੌਧਰੀ ਤੇ ਵਿਕਰਮਜੀਤ ਦੀਆਂ ਧੱਕੇਸ਼ਾਹੀਆਂ ਦੇ ਮਾਮਲੇ ਵਿਧਾਨ ਸਭਾ ''ਚ ਉਠਾਵਾਂਗੇ : ਕੋਹਾੜ
Wednesday, Nov 22, 2017 - 07:08 AM (IST)
ਗੁਰਾਇਆ/ਫਿਲੌਰ, (ਮੁਨੀਸ਼, ਭਾਖੜੀ)- ਫਿਲੌਰ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਨੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਪਰਿਵਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕਿ ਚੌਧਰੀ ਤੇ ਉਨ੍ਹਾਂ ਦੇ ਪੁੱਤਰ ਵਿਕਰਮਜੀਤ ਚੌਧਰੀ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਇੱਟ ਨਾਲ ਇੱਟ ਵਜਾ ਦੇਣਗੇ। ਇਹ ਐਲਾਨ ਅੱਜ ਅਕਾਲੀ ਦਲ ਵਲੋਂ ਫਿਲੌਰ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਤੇ ਹਲਕਾ ਵਿਧਾਇਕ ਬਲਦੇਵ ਖਹਿਰਾ ਨੇ ਚੌਧਰੀ ਪਰਿਵਾਰ ਤੇ ਕੈਪਟਨ ਸਰਕਾਰ ਦੇ ਖਿਲਾਫ ਲਾਏ ਵਿਸ਼ਾਲ ਰੋਸ ਧਰਨੇ ਦੌਰਾਨ ਕੀਤਾ। ਕੋਹਾੜ ਨੇ ਕਿਹਾ ਕਿ ਉਹ ਸੰਸਦ ਮੈਂਬਰ ਸੰਤੋਖ ਚੌਧਰੀ ਤੇ ਵਿਕਰਮਜੀਤ ਦੀਆਂ ਵਧੀਕੀਆਂ ਦੇ ਮਾਮਲਿਆਂ ਨੂੰ ਵਿਧਾਨ ਸਭਾ ਵਿਚ ਉਠਾਉਣਗੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਆਪਣੇ ਪੁੱਤਰ ਦੇ ਜਬਰ ਦਾ ਸਮਰਥਨ ਕਰਨ ਦੀ ਬਜਾਏ ਉਸ ਦੀਆਂ ਨਾਲਾਇਕੀਆਂ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਫਿਲੌਰ ਦੀ ਜਨਤਾ ਨੇ ਚੌਧਰੀ ਪਰਿਵਾਰ ਨੂੰ ਤਿੰਨ ਵਾਰ ਵਿਧਾਨ ਸਭਾ ਚੋਣਾਂ ਹਰਾ ਕੇ ਹਾਰ ਦੀ ਹੈਟ੍ਰਿਕ ਬਣਾਈ ਹੈ। ਇਸ ਦੇ ਬਾਵਜੂਦ ਸੱਤਾ ਦੇ ਨਸ਼ੇ ਵਿਚ ਚੂਰ ਸੰਸਦ ਮੈਂਬਰ ਨੇ ਇਥੇ ਜੰਗਲ ਰਾਜ ਬਣਾ ਦਿੱਤਾ ਹੈ। ਕੋਹਾੜ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਆਪਣੇ ਚੋਣ ਐਲਾਨ ਪੱਤਰ ਵਿਚ ਇਕ ਵੀ ਵਾਅਦਾ ਪੂਰਾ ਨਾ ਕਰਕੇ ਸੂਬੇ ਦੀ ਜਨਤਾ ਨਾਲ ਵਾਅਦਾ ਖਿਲਾਫੀ ਕੀਤੀ ਹੈ। ਅੱਜ ਪੰਜਾਬ ਨੂੰ ਕੈਪਟਨ ਅਮਰਿੰਦਰ ਨਹੀਂ, ਸਗੋਂ ਉਨ੍ਹਾਂ ਦੇ ਰਿਟਾਇਰਡ ਸਕੱਤਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਾਜਨੀਤਕ ਕਤਲੇਆਮ ਹੋ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਸਬਸਿਡੀਆਂ ਨੂੰ ਖਤਮ ਕਰਨ 'ਤੇ ਉਤਾਰੂ ਹਨ, ਜਿਸਦੇ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨਹੀਂ ਮੰਨੇ ਪਰ ਹੁਣ ਕੈਪਟਨ ਅਮਰਿੰਦਰ ਦੀ ਗੋਦ 'ਚ ਬੈਠ ਕੇ ਜਨਤਾ ਨੂੰ ਮਿਲ ਰਹੀਆਂ ਸਹੂਲਤਾਂ ਬੰਦ ਕਰਨੀਆਂ ਚਾਹੁੰਦੇ ਹਨ। ਨਵਜੋਤ ਸਿੱਧੂ ਦੀ 'ਠੋਕੋ ਤਾਲੀ' 'ਤੇ ਵਿਅੰਗ ਕਰਦਿਆਂ ਕਿਹਾ ਕਿ ਸਿੱਧੂ ਤਾਂ ਵਿਧਾਨ ਸਭਾ ਵਿਚ ਇੰਝ ਆਚਰਣ ਕਰਦਾ ਹੈ ਜਿਵੇਂ ਕਿਸੇ ਮੰਚ 'ਤੇ ਡਾਂਸ ਕਰਦਾ ਹੈ।

ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਚੌਧਰੀ, ਜੋ ਕਿ ਡਾ. ਭੀਮ ਰਾਓ ਅੰਬੇਡਕਰ ਦੇ ਬਣਾਏ ਸੰਵਿਧਾਨ ਬਦਲਣਾ ਚਾਹੁੰਦੇ ਹਨ, ਜਿਸ ਵਿਕਰਮਜੀਤ ਨੂੰ ਵੋਟਰਾਂ ਨੇ ਚੋਣਾਂ ਵਿਚ ਨਕਾਰ ਦਿੱਤਾ ਸੀ, ਸੰਸਦ ਮੈਂਬਰ ਆਪਣੇ ਉਸੇ ਪੁੱਤਰ ਨੂੰ ਲੋਕਾਂ ਕੋਲ ਹਲਕਾ ਵਿਧਾਇਕ ਮੰਨਣ ਨੂੰ ਕਹਿ ਰਹੇ ਹਨ। ਖਹਿਰਾ ਨੇ ਕਿਹਾ ਕਿ ਜਨਤਾ ਨੇ ਚੌਧਰੀ ਪਰਿਵਾਰ ਨੂੰ 15 ਸਾਲਾਂ ਤੋਂ ਨਕਾਰਿਆ ਹੈ। ਹੁਣ ਹਲਕੇ ਵਿਚ ਇਨ੍ਹਾਂ ਵਲੋਂ ਲੋਕਾਂ ਦੇ ਦਿਲਾਂ ਵਿਚ ਜੋ ਨਫਰਤ ਫੈਲਾਈ ਜਾ ਰਹੀ ਹੈ, ਉਸ ਨਾਲ ਆਉਣ ਵਾਲੇ 10 ਸਾਲਾਂ ਵਿਚ ਵੀ ਚੌਧਰੀਆਂ ਦਾ ਅਜਿਹਾ ਹੀ ਹਸ਼ਰ ਹੋਣਾ ਤੈਅ ਹੈ। ਉਨ੍ਹਾਂ ਸੰਸਦ ਮੈਂਬਰ ਸੰਤੋਖ ਨੂੰ ਸੱਦਾ ਦਿੱਤਾ ਕਿ ਵਿਧਾਨ ਸਭਾ ਚੋਣਾਂ ਅਜੇ 4 ਸਾਲ ਬਾਅਦ ਹਨ। ਜੇਕਰ ਉਹ ਆਪਣੇ ਪੁੱਤਰ ਵਿਕਰਮਜੀਤ ਦੀ ਸਿਆਸੀ ਐਡਜਸਟਮੈਂਟ ਕਰਨ ਲਈ ਇੰਨੇ ਹੀ ਉਤਾਵਲੇ ਹਨ ਤਾਂ ਉਹ ਅਗਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਉਸ ਨੂੰ ਚੋਣ ਮੈਦਾਨ ਵਿਚ ਉਤਾਰਨ। ਅਕਾਲੀ ਦਲ ਵਿਕਰਮਜੀਤ ਦੇ ਮੁਕਾਬਲੇ ਆਪਣਾ ਉਮੀਦਵਾਰ ਹੀ ਨਹੀਂ ਖੜ੍ਹਾ ਕਰੇਗਾ ਤੇ ਉਸ ਨੂੰ ਜਿਤਾ ਦੇਵੇਗਾ। ਖਹਿਰਾ ਨੇ ਕਿਹਾ ਕਿ ਸੰਸਦ ਮੈਂਬਰ ਚੌਧਰੀ ਤੇ ਵਿਕਰਮਜੀਤ ਚੌਧਰੀ ਦੀ ਸਰਪ੍ਰਸਤੀ ਵਿਚ ਹਲਕੇ ਵਿਚ ਗੁੰਡਾਰਾਜ,ਲੁੱਟ-ਖੋਹ, ਨਸ਼ਾ, ਨਾਜਾਇਜ਼ ਮਾਈਨਿੰਗ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਾਂਗਰਸ ਦੀ ਸ਼ਹਿ 'ਤੇ ਪੁਲਸ ਬੇਕਸੂਰ ਲੋਕਾਂ 'ਤੇ ਝੂਠੇ ਕੇਸ ਦਰਜ ਕਰ ਰਹੀ ਹੈ। ਖਹਿਰਾ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਜਨਤਾ ਨਾਲ ਹਰ ਘਰ ਨੌਕਰੀ, ਦੋ ਹਫਤੇ ਵਿਚ ਨਸ਼ਾ ਖਤਮ ਕਰਨਾ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਸ਼ਗਨ ਸਕੀਮ ਨੂੰ ਵਧਾ ਕੇ 51000 ਰੁਪਏ ਕਰਨ, ਆਟਾ-ਦਾਲ ਸਕੀਮ ਦੇ ਨਾਲ ਖੰਡ ਤੇ ਚਾਹ ਪੱਤੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਲਟਾ ਸਾਬਕਾ ਅਕਾਲੀ ਸਰਕਾਰ ਵਲੋਂ ਚਲਾਈਆਂ ਸਕੀਮਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਦੇ ਸਕਾਲਰਸ਼ਿਪ ਦੇ ਫੰਡ ਰਿਲੀਜ਼ ਨਹੀਂ ਕੀਤੇ ਜਾ ਰਹੇ, ਸਿੱਖਿਆ ਸੰਸਥਾਵਾਂ ਦਲਿਤ ਵਿਦਿਆਰਥੀਆਂ ਕੋਲੋਂ ਹਜ਼ਾਰਾਂ ਰੁਪਏ ਲੁੱਟ ਰਹੀਆਂ ਹਨ। ਖਹਿਰਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਮਿਲੀਭੁਗਤ ਨਾਲ ਸਤਲੁਜ ਦਰਿਆ ਤੋਂ ਨਾਜਾਇਜ਼ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ। ਮਾਈਨਿੰਗ ਠੇਕੇਦਾਰਾਂ ਦੀਆਂ ਵਿਭਾਗ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਦਰਿਆ 'ਤੇ ਰੇਲਵੇ ਦਾ ਪੁਲ ਵੀ ਬਣਿਆ ਹੋਇਆ ਹੈ। ਨਾਜਾਇਜ਼ ਮਾਈਨਿੰਗ ਕਾਰਨ ਪੁਲ ਦੀਆਂ ਬੁਨਿਆਦਾਂ ਕਮਜ਼ੋਰ ਹੋ ਰਹੀਆਂ ਹਨ। ਪਹਿਲਾਂ ਵੀ ਇਥੇ ਰੇਲ ਹਾਦਸਾ ਹੋ ਚੁੱਕਾ ਹੈ। ਜੇਕਰ ਇਸ ਚੀਜ਼ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਹਾਦਸਾ ਹੋ ਸਕਦਾ ਹੈ। ਅੰਤ ਵਿਚ ਅਕਾਲੀ ਵਰਕਰਾਂ ਨੇ ਮੌਕੇ 'ਤੇ ਪਹੁੰਚੇ ਐੱਸ. ਡੀ. ਐੱਮ. ਤ ੇਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਰੋਸ ਮਾਰਚ ਕਰਦਿਆਂ ਕਾਂਗਰਸ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਹਰਜਿੰਦਰ ਸਿੰਘ ਲੱਲੀਆਂ, ਸੁੱਚਾ ਸਿੰਘ ਜੌਹਲ, ਅਮਰੀਕ ਸਿੰਘ ਸੰਧੂ, ਬਾਬਾ ਸਰੂਪ ਸਿੰਘ ਬੱਛੋਵਾਲ, ਸਚਿੰਦਰ ਸਿੰਘ ਧੰਜੂ, ਬਲਵੀਰ ਸਿੰਘ ਤੇਹਿੰਗ, ਨੀਟਾ ਗੋਹਾਵਰ, ਮਹਾ ਸਿੰਘ ਰਸੂਲਪੁਰ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜੁਗਰਾਜ ਸਿੰਘ ਜੱਗੀ, ਜਸਵੀਰ ਸਿੰਘ ਫਿਲੌਰ, ਦਿਨੇਸ਼ ਐਰੀ, ਸਰਪੰਚ ਅੱਪਰਾ, ਕੁਲਵਿੰਦਰ ਕਾਲਾ ਰੁੜਕਾ, ਅਮਰਜੀਤ ਸੰਧੂ, ਦਵਿੰਦਰ ਤੱਖੜ, ਭਲਵਿੰਦਰ ਸਿੰਘ ਭਿੰਦਾ, ਨੰਬਰਦਾਰ ਦਲਬੀਰ ਸਿੰਘ ਮਾਣਕੂ ਤੇ ਹੋਰ ਵੀ ਮੌਜੂਦ ਸਨ।
