ਸੰਤ ਸੀਚੇਵਾਲ ਨੇ ਫਿਲੀਪਾਈਨ ਦੀ ਜੇਲ੍ਹ ’ਚ ਬੰਦ ਪੰਜਾਬੀ ਦਾ ਮਾਮਲਾ ਭਾਰਤੀ ਦੂਤਘਰ ਕੋਲ ਉਠਾਇਆ
Friday, Mar 03, 2023 - 10:52 AM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ, ਅਸ਼ਵਨੀ)– ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ’ਚ ਭਾਰਤੀ ਦੂਤਘਰ ’ਚ ਰਾਜਦੂਤ ਸ਼ੰਭੂ ਐੱਸ. ਕੁਮਾਰਨ ਨਾਲ ਮੀਟਿੰਗ ਕਰਕੇ ਜੇਲ੍ਹ ’ਚ 4 ਸਾਲਾਂ ਤੋਂ ਬੰਦ ਬਲਦੇਵ ਸਿੰਘ ਦਾ ਮਸਲਾ ਗੰਭੀਰਤਾ ਨਾਲ ਉਠਾਇਆ। ਸੰਤ ਸੀਚੇਵਾਲ ਨੇ ਭਾਰਤੀ ਦੂਤਘਰ ’ਚ ਰਾਜਦੂਤ ਨਾਲ 45 ਮਿੰਟਾਂ ਤੱਕ ਚੱਲੀ ਮੀਟਿੰਗ ਦੌਰਾਨ ਫਿਲੀਪਾਈਨ ਵਿਚ ਰਹਿੰਦੇ ਭਾਰਤੀਆਂ ਅਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਵੀ ਮੁੱਦਾ ਉਠਾਇਆ।
ਸੰਤ ਸੀਚੇਵਾਲ ਨੇ ਭਾਰਤੀ ਰਾਜਦੂਤ ਸ਼ੰਭੂ ਐੱਸ. ਕੁਮਾਰਨ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਬਲਦੇਵ ਸਿੰਘ ਨਾਂ ਦਾ ਵਿਅਕਤੀ 4 ਸਾਲਾਂ ਤੋਂ ਵੱਧ ਸਮੇਂ ਤੋਂ ਫਿਲੀਪਾਈਨ ਦੀ ਜੇਲ੍ਹ ਵਿਚ ਬੰਦ ਹੈ, ਜਦਕਿ ਅਪਰਾਧ ਕਿਸੇ ਹੋਰ ਬਲਦੇਵ ਸਿੰਘ ਨਾਂ ਦੇ ਵਿਅਕਤੀ ਨੇ ਕੀਤਾ ਸੀ। ਉਸ ਦਾ ਨਾਂ ਰਲਦਾ ਹੋਣ ਕਾਰਨ ਅਤੇ ਪੀੜਤ ਨੂੰ ਉਥੋਂ ਦੀ ਭਾਸ਼ਾ ਨਾ ਆਉਣ ਕਾਰਨ ਉਹ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ, ਜਿਸ ਕਾਰਨ ਉਹ ਪਿਛਲੇ ਲੰਬੇ ਸਮੇਂ ਤੋਂ ਮਾਨਸਿਕ ਪੀੜ ਵੀ ਝੱਲ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਕਈ ਮੁੱਦਿਆਂ 'ਤੇ ਹੋਈ ਚਰਚਾ
ਸੰਤ ਸੀਚੇਵਾਲ ਨੇ ਨਾਲ ਹੀ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਝੱਲਲੇਈ ਵਾਲੇ ਦੇ ਫਿਲੀਪਾਈਨ ਵਿਚ ਫਸੇ ਇਕ ਨੌਜਵਾਨ ਦਾ ਮੁੱਦਾ ਵੀ ਰੱਖਿਆ। ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਰਾਜਦੂਤ ਨੇ ਭਰੋਸਾ ਦਿੱਤਾ ਕਿ ਉਹ ਪਹਿਲ ਦੇ ਆਧਾਰ ’ਤੇ ਬਲਦੇਵ ਸਿੰਘ ਨੂੰ ਜੇਲ ਵਿਚੋਂ ਰਿਹਾਅ ਕਰਵਾਉਣ ਦਾ ਯਤਨ ਕਰਨਗੇ ਤੇ ਝੱਲਲੇਈ ਵਾਲੇ ਨੌਜਵਾਨ ਦਾ ਮਸਲਾ ਵੀ ਜਲਦ ਹੱਲ ਕਰਵਾਉਣਗੇ। ਸੰਤ ਸੀਚੇਵਾਲ ਨੇ ਪ੍ਰਵਾਸੀ ਪੰਜਾਬੀਆਂ ਨੂੰ ਪਾਸਪੋਰਟ ਸਬੰਧੀ ਆਉਂਦੀਆਂ ਮੁਸ਼ਕਿਲਾਂ ਦਾ ਮੁੱਦਾ ਉਠਾਉਂਦਿਆਂ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਬਹੁਤ ਸਾਰੇ ਭਾਰਤੀ ਫਿਲੀਪਾਈਨ ਵਿਚ ਡਰਦੇ ਹੀ ਐਬੰਸੀ ਤੱਕ ਪਹੁੰਚ ਨਹੀਂ ਕਰਦੇ। ਇਸ ਮਸਲੇ ਦੇ ਹੱਲ ’ਤੇ ਸੰਤ ਸੀਚੇਵਾਲ ਨੇ ਦੱਸਿਆ ਕਿ ਸ਼ੰਭੂ. ਐੱਸ. ਕੁਮਾਰਨ ਨੇ ਭਰੋਸਾ ਦਿੱਤਾ ਕਿ ਉਹ ਪਾਸਪੋਰਟ ਦੇ ਮਸਲੇ ਹੱਲ ਕਰਵਾਉਣ ਲਈ ਗੁਰਦੁਆਰਾ ਸਾਹਿਬ ਵਿਚ ਕੈਂਪ ਲਗਾਉਣ ਲਈ ਤਿਆਰ ਹਨ ਤਾਂ ਜੋ ਭਾਰਤੀ ਬਿਨ੍ਹਾਂ ਕਿਸੇ ਡਰ ਦੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ।
ਇਹ ਵੀ ਪੜ੍ਹੋ : ਰੂਪਨਗਰ ਪ੍ਰਸ਼ਾਸਨ ਦਾ ਨਿਵੇਕਲਾ ਉਪਰਾਲਾ, ਹੋਲਾ-ਮਹੱਲਾ ਦੌਰਾਨ ਨਵਜੰਮੇ ਬੱਚਿਆਂ ਤੇ ਮਾਵਾਂ ਨੂੰ ਮਿਲੇਗੀ ਇਹ ਵਿਸ਼ੇਸ਼ ਸਹੂਲਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।