ਚੇਨਈ ਦੇ ਗੁਰੂ ਘਰ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ, ਸੰਗਤਾਂ ਵੱਲੋਂ ਸੰਸਦ ''ਚ ਪੰਜਾਬੀ ਲਾਗੂ ਕਰਵਾਉਣ ਲਈ ਧੰਨਵਾਦ
Friday, Jan 20, 2023 - 09:43 PM (IST)
ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਚੇਨਈ ਦੇ ਗੁਰੂ ਘਰ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਲ ਸਰੋਤਾਂ ਬਾਰੇ ਸੰਸਦ ਦੀ ਸਥਾਈ ਕਮੇਟੀ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕੀਤੇ ਜਾ ਰਹੇ ਦੌਰੇ ਦੌਰਾਨ ਚੇਨਈ ਸ਼ਹਿਰ 'ਚ ਧਰਤੀ ਹੇਠਲੇ ਪਾਣੀ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਇਸੇ ਦੌਰਾਨ ਸ੍ਰੀ ਗੁਰੂ ਨਾਨਕ ਸਤਿਸੰਗਤ ਸਭਾ ਚੇਨਈ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਵੇਈਂ ਦੀ ਕੀਤੀ ਕਾਰ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਇਸ ਧ੍ਰੋਹਰ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸੰਸਦ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾ ਕੇ ਦੁਨੀਆ 'ਚ ਵੱਸਦੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਰਹੋ ਸਾਵਧਾਨ, UK ਦੀ ਹਸੀਨਾ ਨੇ ਭਰੋਸੇ 'ਚ ਲੈ ਕੇ ਲਾਇਆ ਲੱਖਾਂ ਦਾ ਚੂਨਾ
ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਚੇਨਈ 'ਚ ਸ੍ਰੀ ਗੁਰੂ ਨਾਨਕ ਦੇਵ ਕਾਲਜ ਚਲਾਉਂਦੇ ਹਨ, ਜਿਸ ਵਿੱਚ ਬਹੁਤ ਹੀ ਘੱਟ ਫੀਸਾਂ ਲਈਆਂ ਜਾਂਦੀਆਂ ਹਨ ਤੇ ਉਨ੍ਹਾਂ ਦਾ ਇਹ ਕਾਲਜ ਘੱਟ ਗਿਣਤੀਆਂ ਵੱਲੋਂ ਚਲਾਏ ਜਾਂਦੇ ਕਾਲਜਾਂ 'ਚੋਂ ਚੇਨਈ ਵਿੱਚ ਪਹਿਲਾ ਸਥਾਨ ਰੱਖਦਾ ਹੈ। ਉਨ੍ਹਾਂ ਸੰਤ ਸੀਚੇਵਾਲ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੇ ਉਨ੍ਹਾਂ ਨੂੰ ਪੰਜਾਬੀ ਦਾ ਟੀਚਰ ਦਿੱਤਾ ਜਾਵੇ ਤਾਂ ਉਹ ਚੇਨਈ 'ਚ ਪੰਜਾਬੀ ਪੜ੍ਹਾਉਣ ਦਾ ਕਾਲਜ ਵਿੱਚ ਪ੍ਰਬੰਧ ਕਰ ਦੇਣਗੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਸੇਵਾਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬੀ ਟੀਚਰ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਕਿੱਤਾ ਮੁਖੀ ਸਿੱਖਿਆ ਦੀ ਵੀ ਸਖਤ ਲੋੜ ਹੈ ਤਾਂ ਜੋ ਪੜ੍ਹਾਈ ਤੋਂ ਤੁਰੰਤ ਬਾਅਦ ਰੁਜ਼ਗਾਰ ਮਿਲ ਸਕੇ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ
ਇਸ ਮੌਕੇ ਉਨ੍ਹਾਂ ਨੇ ਸੰਤ ਸੀਚੇਵਾਲ ਨੂੰ ਪਾਕਿਸਤਾਨ 'ਚ ਸਿੱਖ ਧਰਮ ਤੇ ਵਿਰਾਸਤ ਨਾਲ ਸਬੰਧਤ ਤਬਾਹ ਹੋ ਰਹੀਆਂ ਇਮਾਰਤਾਂ ਬਾਰੇ ਛਪੀ ਕਿਤਾਬ ਵੀ ਭੇਟ ਕੀਤੀ। ਇਸ ਮੌਕੇ ਦਲਜੀਤ ਸਿੰਘ, ਜਸਪਾਲ ਸਿੰਘ ਤੇ ਬਲਬੀਰ ਸਿੰਘ ਬਿਲਿੰਗ ਵੀ ਹਾਜ਼ਰ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।