ਜਾਣੋ ਕਿਉਂ ਸੰਤ ਸੀਚੇਵਾਲ ਨੂੰ ਦਰਕਿਨਾਰ ਕਰ ਰਹੀ ਸਰਕਾਰ (ਵੀਡੀਓ)
Saturday, Nov 02, 2019 - 03:53 PM (IST)
ਸੁਲਤਾਨਪੁਰ ਲੋਧੀ (ਰਮਨਦੀਪ ਸੋਢੀ) : ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਖੁਸ਼ ਦਿਖਾਈ ਦਿੱਤੇ। ਜਦੋਂ 'ਜਗਬਾਣੀ' ਵਲੋਂ ਇਸ ਬਾਰੇ ਸੰਤ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੰਗਤਾਂ ਇੱਥੇ ਆਉਣੀਆਂ ਸ਼ੁਰੂ ਹੋ ਗਈਆਂ ਹਨ ਪਰ ਪ੍ਰਬੰਧ ਅਜੇ ਅਧੂਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਪ੍ਰਬੰਧ ਕੀਤੇ ਜਾ ਰਹੇ ਹਨ, ਉਹ ਸੰਗਤਾਂ ਲਈ ਨਾ ਹੋ ਕੇ ਵੀ. ਆਈ. ਪੀਜ਼ ਲੋਕਾਂ ਲਈ ਹਨ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ 'ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਪਵਿੱਤਰ ਵੇਈਂ ਦੇ ਨਾਲ ਹੀ ਟੁਆਇਲਟਾਂ ਬਣਾਈਆਂ ਗਈਆਂ ਹਨ।
ਕਿਸੇ ਪਾਰਟੀ ਜਾਂ ਨੇਤਾ ਦੀ ਚਾਪਲੂਸੀ ਨਹੀਂ ਹੁੰਦੀ : ਸੀਚੇਵਾਲ
ਜਦੋਂ ਸੰਤ ਸੀਚੇਵਾਲ ਨੂੰ ਪੁੱਛਿਆ ਗਿਆ ਕਿ ਸਿਆਸਤ ਤੋਂ ਦੂਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਸਿਆਸੀ ਵਿਤਕਰਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ, ਨੇਤਾ ਜਾਂ ਅਫਸਰਸ਼ਾਹੀ ਦੀ ਚਾਪਲੂਸੀ ਨਹੀਂ ਕਰਦੇ ਅਤੇ ਜੋ ਗਲਤ ਹੁੰਦਾ ਹੈ, ਸਭ ਦੇ ਮੂੰਹ 'ਤੇ ਕਹਿ ਦਿੰਦੇ ਹਨ, ਇਸ ਲਈ ਸ਼ਾਇਦ ਇਹ ਗੱਲ ਸਿਆਸਤਦਾਨਾਂ ਨੂੰ ਚੰਗੀ ਨਹੀਂ ਲੱਗਦੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦਾ ਸਨਮਾਨ ਕਰਦੇ ਹਨ ਅਤੇ ਕਿਸੇ ਨਾਲ ਉਨ੍ਹਾਂ ਦਾ ਕੋਈ ਮਤਭੇਦ ਨਹੀਂ ਹੈ ਪਰ ਉਨ੍ਹਾਂ ਬਾਰੇ ਸਿਆਸਤਦਾਨ ਜਾਂ ਪਾਰਟੀਆਂ ਕੀ ਸੋਚਦੀਆਂ ਹਨ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਨ੍ਹਾਂ ਦਾ ਇੱਕੋ ਹੀ ਮਕਸਦ ਹੈ ਕਿ ਬਾਬੇ ਨਾਨਕ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਬਾਰੇ ਕੋਈ ਮਾੜਾ ਵੀ ਸੋਚਦਾ ਹੈ ਤਾਂ ਉਹ ਉਸ ਦੀ ਆਪਣੀ ਸੋਚ ਹੈ ਅਤੇ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਬਾਬੇ ਨਾਨਕ ਦੇ ਦੱਸੇ ਮਾਰਗ 'ਤੇ ਚੱਲ ਇਸ ਦਾ ਪ੍ਰਸਾਰ ਕਰ ਰਹੇ ਹਨ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਸੰਗਤ ਅਤੇ ਗੁਰੂ ਲਈ ਆਪਣਾ ਫਰਜ਼ ਨਿਭਾਈ ਹੀ ਜਾਣੇ ਹਨ।