ਸੰਤ ਕਬੀਰ : ਮਾਨਵ ਧਰਮ ਦੇ ਸੱਚੇ ਉਪਾਸ਼ਕ
Friday, Jun 09, 2017 - 06:51 AM (IST)
ਸੰਤ ਕਬੀਰ ਜੀ ਮਾਨਵ ਧਰਮ ਦੇ ਸੱਚੇ ਉਪਾਸ਼ਕ ਸਨ। ਮਨੁੱਖੀ ਜੀਵਨ ਅਤਿਅੰਤ ਦੁਰਲੱਭ ਅਤੇ ਅਹਿਮ ਹੈ। ਚੌਰਾਸੀ ਲੱਖ ਜੂਨਾਂ 'ਚੋਂ ਮਨੁੱਖ ਜੂਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ, ਕਿਉਂਕਿ ਇਸ ਜੂਨ ਵਿਚ ਜੀਵ ਕੋਲ ਬੁੱਧੀ ਅਤੇ ਵਿਵੇਕ ਹੁੰਦਾ ਹੈ, ਜੋ ਕਿ ਦੂਜੀਆਂ ਜੂਨਾਂ ਵਿਚ ਨਹੀਂ ਹੁੰਦਾ। ਮਨੁੱਖ ਜੂਨ ਵਿਚ ਜੀਵ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਆਪਣੇ ਲੋਕ ਅਤੇ ਪਰਲੋਕ ਨੂੰ ਸੁਧਾਰ ਸਕੇ। ਸੰਤ ਕਬੀਰ ਜੀ ਕਹਿੰਦੇ ਹਨ ਕਿ ਮਨੁੱਖੀ ਜੀਵਨ ਪਾ ਕੇ ਜੀਵ ਨੂੰ ਇਸ ਨੂੰ ਈਸ਼ਵਰ ਦੀ ਭਗਤੀ ਅਤੇ ਉਸ ਵਲੋਂ ਦੱਸੇ ਸ਼ੁੱਭ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਜਿਵੇਂ ਦਰੱਖਤ ਤੋਂ ਪੱਤਾ ਇਕ ਵਾਰ ਡਿੱਗ ਜਾਂਦਾ ਹੈ ਤਾਂ ਮੁੜ ਨਹੀਂ ਜੁੜ ਸਕਦਾ, ਉਸੇ ਤਰ੍ਹਾਂ ਇਹ ਮਨੁੱਖੀ ਜੀਵਨ ਮੁੜ ਪ੍ਰਾਪਤ ਕਰਨਾ ਬਹੁਤ ਹੀ ਔਖਾ ਹੈ। ਅਖੀਰ ਇਸ ਨੂੰ ਸਾਰਥਕ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ, ਆਈ. ਪੀ. ਐੱਸ.
ਐੱਮ. ਏ., ਐੱਲ. ਐੱਲ. ਬੀ., ਐੱਮ. ਬੀ. ਏ., ਪੀ. ਐੱਚ. ਡੀ.
ਆਈ. ਜੀ., ਏ. ਟੀ. ਐੱਸ., ਪੰਜਾਬ।
ਕਬੀਰ ਮਾਨਸ ਜਨਮ ਦੁਲੰਭ ਹੈ, ਹੋਇ ਨ ਬਾਰੈ ਬਾਰ।
ਜਿਉ ਬਨ ਫਲ ਪਾਕੈ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ£
ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖਤਾ ਨੂੰ ਅਪਣਾ ਕੇ ਕਬੀਰ ਜੀ ਨੇ ਸੰਪਰਦਾਇਕ ਨਿੱਘ ਕਾਇਮ ਕਰਨ 'ਤੇ ਜ਼ੋਰ ਦਿੱਤਾ ਹੈ। ਉਹ ਕਹਿੰਦੇ ਹਨ ਕਿ ਮੈਂ ਨਾ ਤਾਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ ਹਾਂ। ਮੇਰਾ ਸਰੀਰ ਤਾਂ ਪੰਜ ਤੱਤਾਂ (ਧਰਤੀ, ਜਲ, ਅੱਗ, ਆਕਾਸ਼, ਹਵਾ) ਤੋਂ ਮਿਲ ਕੇ ਬਣਿਆ ਹੈ ਅਤੇ ਬਾਅਦ ਵਿਚ ਉਸੇ 'ਚ ਮਿਲ ਜਾਣਾ ਹੈ।
ਹਿੰਦੂ ਕਹੂੰ ਤੋ ਮੈਂ ਨਹੀਂ, ਮੁਸਲਮਾਨ ਭੀ ਨਾਹਿ।
ਪਾਂਚ ਤੱਤਵ ਕਾ ਪੁਤਲਾ, ਗੈਬੀ ਖੇਲੇ ਮਾਹਿ ।।
ਅਸਲੀ ਮਨੁੱਖ-ਪ੍ਰੇਮੀ ਦੀ ਪਛਾਣ ਇਹ ਹੈ ਕਿ ਉਹ ਦੂਜਿਆਂ ਲਈ ਲੜਦਾ ਹੈ। ਉਹ ਇੰਨਾ ਦ੍ਰਿੜ ਇਰਾਦੇ ਵਾਲਾ ਹੁੰਦਾ ਹੈ ਕਿ ਭਾਵਂੇ ਉਸਦੇ ਸਰੀਰ ਦਾ ਪੋਟਾ-ਪੋਟਾ ਕੱਟ ਜਾਵੇ, ਫਿਰ ਵੀ ਉਹ ਚੰਗੇ ਕਰਮਾਂ ਤੋਂ ਪਿੱਛੇ ਨਹੀਂ ਹਟਦਾ। ਇਸਦਾ ਸਿੱਧਾ ਅਰਥ ਇਹ ਹੈ ਕਿ ਰੁਕਾਵਟਾਂ ਆਉਣ 'ਤੇ ਵੀ ਬਹਾਦਰ ਅਤੇ ਸ਼ਾਂਤ ਵਿਅਕਤੀ ਕਦੀ ਵੀ ਆਪਣੇ ਫਰਜ਼ ਵਾਲੇ ਰਸਤੇ ਤੋਂ ਪਿੱਛੇ ਨਹੀਂ ਹਟਦਾ।
ਸੂਰਾ ਸੋ ਪਹਿਚਾਨੀਏ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ।।
ਮਨੁੱਖ ਧਰਮ ਦਾ ਸੱਚਾ ਸਮਰਥਕ ਸਮਰਪਣ ਦੀ ਭਾਵਨਾ ਨਾਲ ਕੰਮ ਕਰਦਾ ਹੈ। ਉਹ ਭਗਵਾਨ ਨੂੰ ਕਹਿੰਦਾ ਹੈ ਕਿ ਹੇ ਪ੍ਰਭੂ! ਮੇਰੇ 'ਚ ਮੇਰਾ ਕੁਝ ਵੀ ਨਹੀਂ ਹੈ, ਜੋ ਕੁਝ ਵੀ ਹੈ, ਉਹ ਤੁਹਾਡਾ ਹੈ। ਇਸ ਲਈ ਤੇਰੀ ਵਸਤੂ ਨੂੰ ਤੈਨੂੰ ਸਮਰਪਿਤ ਕਰਨ ਵਿਚ ਮੇਰਾ ਕੀ ਜਾਂਦਾ ਹੈ?
ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ, ਜੋ ਕਿਛੁ ਹੈ ਸੋ ਤੇਰਾ।
ਤੇਰਾ ਤੁਝ ਕਉ ਸਉਪਤੇ, ਕਿਆ ਲਾਗੈ ਮੇਰਾ ।।
ਸੰਤ ਕਬੀਰ ਜੀ ਦੀ ਇਸ ਸਾਖੀ ਦੀ ਮਹੱਤਤਾ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਆਰਤੀ ਵਿਚ ਇਸ ਨੂੰ ਅੱਜ ਵੀ ਗਾਇਆ ਜਾਂਦਾ ਹੈ-'ਤੇਰਾ ਤੁਝਕੋ ਅਰਪਣ ਕਿਆ ਲਾਗੇ ਮੇਰਾ'। ਸੰਸਕ੍ਰਿਤ ਵਿਚ ਵੀ ਕਿਹਾ ਗਿਆ ਹੈ-'ਤਵਦੀਯ ਵਸਤੂ ਗੋਵਿੰਦ, ਤੁਭਯਮੇਵ ਸਮਰਪਯੇ'। ਅਖੀਰ : ਮਨੁੱਖ ਲਈ ਸਮਰਪਣ ਦੀ ਭਾਵਨਾ ਰੱਖਣਾ ਹੀ ਸੱਚੇ ਅਰਥ ਵਿਚ ਮਾਨਵ ਧਰਮ ਹੈ।
ਮਨੁੱਖ ਇਸ ਨਾਸ਼ਵਾਨ ਸਰੀਰ ਦਾ ਮਾਣ ਕਰ ਕੇ ਇਸ ਨੂੰ ਲੈ ਕੇ ਘੁੰਮਦਾ ਹੈ, ਜਿਸਦਾ ਕੋਈ ਟਿਕਾਣਾ ਨਹੀਂ ਹੈ। ਅਖੀਰ : ਇਸ ਜੀਵਨ ਨੂੰ ਚੰਗੇ ਕਰਮਾਂ ਵਿਚ ਲਗਾ ਦੇਣਾ ਹੀ ਉਚਿੱਤ ਹੈ। ਮਨੁੱਖ ਦਾ ਇਹ ਸਰੀਰ ਕੱਚੇ ਘੜੇ ਵਰਗਾ ਹੈ, ਜੋ ਕਿ ਥੋੜ੍ਹਾ ਜਿਹਾ ਧੱਕਾ ਲੱਗਣ 'ਤੇ ਟੁੱਟ ਜਾਂਦਾ ਹੈ ਅਤੇ ਕੁਝ ਵੀ ਹੱਥ ਨਹੀਂ ਆਉਂਦਾ। ਮਨੁੱਖ ਦਾ ਜੀਵਨ ਤਾਂ ਪਾਣੀ ਦੇ ਬੁਲਬੁਲੇ ਵਾਂਗ ਨਾਸ਼ਵਾਨ ਹੈ। ਜਿਵੇਂ ਸਵੇਰ ਹੁੰਦੇ ਹੀ ਤਾਰੇ ਛੁਪ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖੀ ਜਨਮ ਵੀ ਕਾਲਪਨਿਕ ਹੈ। ਅਖੀਰ ਇਸ ਨੂੰ ਚੰਗੇ ਕਰਮਾਂ ਵਿਚ ਲਗਾਉਣਾ ਚਾਹੀਦਾ ਹੈ।
ਪਾਨੀ ਕੇਰਾ ਬੁਦਬੁਦਾ, ਅਸ ਮਾਨੁਸ ਕੀ ਜਾਤ।
ਦੇਖਤ ਹੀ ਛਿਪ ਜਾਏਗਾ, ਜਿਓ ਤਾਰਾ ਪ੍ਰਭਾਤ ।।
ਸੰਤ ਕਬੀਰ ਜੀ ਨੇ ਇਕ ਈਸ਼ਵਰ ਦੀ ਧਾਰਨਾ ਦਾ ਸਮਰਥਨ ਕੀਤਾ ਹੈ। ਭਾਵੇਂ ਅਸੀਂ ਜਿਸ ਵੀ ਨਾਂ ਨਾਲ ਪੁਕਾਰੀਏ ਸੱਚ ਤਾਂ ਇਕ ਹੀ ਹੈ। ਰਾਮ ਅਤੇ ਰਹੀਮ ਇਕ ਹੀ ਹਨ, ਸਿਰਫ ਨਾਂ ਹੀ ਵੱਖ-ਵੱਖ ਹਨ। ਸੰਤ ਕਬੀਰ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੋ ਨਾਂ ਸੁਣ ਕੇ ਸਾਨੂੰ ਵਹਿਮ ਵਿਚ ਨਹੀਂ ਪੈਣਾ ਚਾਹੀਦਾ।
ਰਾਮ ਰਹੀਮ ਏਕ ਹੈ, ਨਾਮ ਧਰਾਇਆ ਦੋਏ।
ਕਹੈ ਕਬੀਰ ਦੋ ਨਾਮ ਸੁਨ, ਭ੍ਰਮ ਕਰੇ ਨਾ ਕੋਏ ।।
ਇਸ ਪ੍ਰਕਾਰ ਜੇ ਅਸੀਂ ਸੰਤ ਕਬੀਰ ਜੀ ਦੇ ਦੱਸੇ ਮਾਰਗ ਦੀ ਪਾਲਣਾ ਕਰਦੇ ਹਾਂ ਤਾਂ ਸਾਡੇ ਸਮਾਜ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਖੁਦ ਹੀ ਹੋ ਜਾਵੇਗਾ ਅਤੇ ਅਸੀਂ ਇਕ ਅਜਿਹੇ ਸਮਾਜ ਦੀ ਸਿਰਜਣਾ ਕਰ ਸਕਾਂਗੇ, ਜਿਸ ਵਿਚ ਸਰਬੱਤ ਦਾ ਭਲਾ ਹੋ ਸਕੇ। ਆਖਿਰ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਪੈਗਾਮ ਹੈ-'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ'।
