ਬਿਨਾਂ ਐਗਰੀਮੈਂਟ ਦੇ ਚੱਲ ਰਹੀ ਪਾਰਕਿੰਗ, ਮਨਮਰਜ਼ੀ ਦੇ ਵਸੂਲੇ ਜਾ ਰਹੇ ਰੇਟ

Tuesday, Feb 13, 2018 - 03:36 AM (IST)

ਬਠਿੰਡਾ(ਪਰਮਿੰਦਰ)-ਬੀ. ਡੀ. ਏ. ਵੱਲੋਂ ਮਾਲ ਰੋਡ 'ਤੇ ਸਥਿਤ ਸਟੋਰੀ ਪਾਰਕਿੰਗ ਵਾਲੀ ਜਗ੍ਹਾ ਬਿਨਾਂ ਐਗਰੀਮੈਂਟ ਦੇ ਹੀ ਇਕ ਨਿੱਜੀ ਠੇਕੇਦਾਰ ਨੂੰ ਸੌਂਪ ਦਿੱਤੀ ਗਈ ਹੈ, ਜਿਸ ਵੱਲੋਂ ਮਨਮਰਜ਼ੀ ਨਾਲ ਲੋਕਾਂ ਤੋਂ ਪੈਸੇ ਵਸੂਲ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਆਰ. ਟੀ. ਆਈ. ਵਰਕਰ ਸੰਜੀਵ ਕੁਮਾਰ ਵੱਲੋਂ ਆਰ. ਟੀ. ਆਈ. ਐਕਟ ਦੇ ਤਹਿਤ ਲਈ ਗਈ ਜਾਣਕਾਰੀ ਵਿਚ ਉਕਤ ਖੁਲਾਸਾ ਹੋਇਆ ਹੈ। ਗੌਰਤਲਬ ਹੈ ਕਿ ਉਕਤ ਜਗ੍ਹਾ ਸਰਕਾਰੀ ਐਲੀਮੈਂਟਰੀ ਸਕੂਲ ਖਾਲੀ ਕਰਵਾ ਕੇ ਹਾਸਲ ਕੀਤੀ ਗਈ ਹੈ, ਜਿਸ ਵਿਚ ਮਲਟੀ ਸਟੋਰ ਪਾਰਕਿੰਗ ਬਣਾਏ ਜਾਣ ਦੀ ਯੋਜਨਾ ਹੈ। ਉਕਤ ਪਾਰਕਿੰਗ ਨੂੰ ਹੁਣ ਇਕ ਅਸਥਾਈ ਪਾਰਕਿੰਗ ਸਥਾਨ ਵਿਚ ਬਦਲ ਦਿੱਤਾ ਗਿਆ ਹੈ, ਜਿਸ ਵਿਚ ਇਕ ਨਿੱਜੀ ਠੇਕੇਦਾਰ ਲੋਕਾਂ ਤੋਂ ਵਾਹਨ ਪਾਰਕ ਕਰਨ ਦੇ ਪੈਸੇ ਵਸੂਲ ਕਰ ਰਿਹਾ ਹੈ। ਆਰ. ਟੀ. ਆਈ. ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਲਟੀ ਸਟੋਰ ਪਾਰਕਿੰਗ ਜਗ੍ਹਾ ਠੇਕੇਦਾਰ ਸ਼ਿਵ ਕੁਮਾਰ ਨੂੰ 3 ਮਹੀਨਿਆਂ ਲਈ 30 ਸਤੰਬਰ 2017 ਨੂੰ ਅਲਾਟ ਕੀਤੀ ਗਈ ਸੀ ਅਤੇ ਇਸ ਠੇਕੇ ਦੀ ਰਾਸ਼ੀ 1.70 ਲੱਖ ਰੁਪਏ ਸਾਲਾਨਾ ਸੀ ਪਰ ਕੋਈ ਐਗਰੀਮੈਂਟ ਜਾਂ ਵਰਕ ਕਾਂਟਰੈਕਟ ਨਹੀਂ ਕੀਤਾ ਗਿਆ ਅਤੇ ਪਿਛਲੇ ਕਈ ਮਹੀਨਿਆਂ ਤੋਂ ਇਹ ਪਾਰਕਿੰਗ ਬਿਨਾਂ ਐਗਰੀਮੈਂਟ ਦੇ ਹੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਕਿੰਗ ਸਥਾਨ 'ਤੇ ਕੋਈ ਰੇਟ ਲਿਸਟ ਵੀ ਨਹੀਂ ਲਾਈ ਗਈ ਜਦਕਿ ਨਿਯਮਾਂ ਅਨੁਸਾਰ ਕਾਰ-ਜੀਪ ਦੇ 10 ਰੁਪਏ ਅਤੇ ਸਕੂਟਰ-ਮੋਟਰਸਾਈਕਲ ਨੂੰ ਪਾਰਕ ਕਰਨ ਦੀ ਫੀਸ 5 ਰੁਪਏ ਨਿਰਧਾਰਿਤ ਹੈ। ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਰਤਾਂ ਅਨੁਸਾਰ ਪਾਰਕਿੰਗ ਠੇਕੇਦਾਰ ਨੂੰ 300 ਰੁਪਏ ਦੇ ਡਾਕ ਟਿਕਟ 'ਤੇ ਐਗਰੀਮੈਂਟ ਕਰਨ ਅਤੇ ਆਪਣੇ ਸਾਰੇ ਮੁਲਾਜ਼ਮਾਂ ਦੀਆਂ ਫੋਟੋਆਂ ਅਤੇ ਹੋਰ ਵੇਰਵੇ ਅਧਿਕਾਰੀ ਪੁੱਡਾ ਦੇ ਦਫਤਰ ਵਿਚ ਜਮ੍ਹਾ ਕਰਵਾਉਣੇ ਸਨ ਪਰ ਉਸ ਨੇ ਅਜਿਹਾ ਨਹੀਂ ਕੀਤਾ। ਪਤਾ ਲੱਗਾ ਹੈ ਕਿ ਠੇਕੇਦਾਰ ਨੂੰ ਐਗਰੀਮੈਂਟ ਕਰਨ ਲਈ ਪੁੱਡਾ ਵੱਲੋਂ ਲਿਖਿਆ ਵੀ ਗਿਆ ਸੀ ਪਰ ਠੇਕੇਦਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਪਾਰਕਿੰਗ ਕੀਤੀਆਂ ਜਾ ਰਹੀਆਂ ਪਰਚੀਆਂ 'ਤੇ ਠੇਕੇਦਾਰ ਦਾ ਕੰਮ, ਪਤਾ, ਟੈਲੀਫੋਨ ਜਾਂ ਫੀਸ ਨਹੀਂ ਲਿਖੀ ਗਈ ਅਤੇ ਅਜਿਹਾ ਕਰ ਕੇ ਵੀ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਪੁੱਡਾ ਅਧਿਕਾਰੀ
ਆਰ. ਟੀ. ਆਈ. ਤਹਿਤ ਦਿੱਤੀ ਗਈ ਜਾਣਕਾਰੀ ਵਿਚ ਪੁੱਡਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਗਰੀਮੈਂਟ ਲਈ ਠੇਕੇਦਾਰ ਨੂੰ ਦੁਬਾਰਾ ਲਿਖਿਆ ਜਾ ਚੁੱਕਾ ਹੈ। ਠੇਕੇਦਾਰ ਨੂੰ ਬੋਲੀ ਕਰਵਾ ਕੇ ਕੇਵਲ ਅਲਾਟਮੈਂਟ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਉਸ ਤੋਂ ਸਕਿਓਰਿਟੀ ਦੀ ਰਾਸ਼ੀ ਵੀ ਜਮ੍ਹਾ ਕਰਵਾਈ ਗਈ ਹੈ। ਠੇਕੇਦਾਰ ਦੇ ਮੁਲਾਜ਼ਮਾਂ ਦਾ ਰਿਕਾਰਡ ਦਫ਼ਤਰ ਵਿਚ ਜਮ੍ਹਾ ਨਹੀਂ ਕਰਵਾਇਆ ਗਿਆ।


Related News