ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ IAS ਪੋਪਲੀ ਨੂੰ ਜਮ੍ਹਾਂ ਕਰਵਾਉਣਾ ਪਵੇਗਾ 1.23 ਲੱਖ ਦਾ ਬਿਜਲੀ ਬਿੱਲ

09/11/2022 9:07:21 AM

ਚੰਡੀਗੜ੍ਹ (ਸੁਸ਼ੀਲ ਰਾਜ) : ਪੰਜਾਬ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਪੰਜਾਬ ਦੇ ਆਈ. ਏ. ਐੱਸ. ਸੰਜੇ ਪੋਪਲੀ ਨੂੰ ਇਕ ਲੱਖ 23 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਜਮ੍ਹਾਂ ਕਰਵਾਉਣਾ ਪਵੇਗਾ। ਪੋਪਲੀ ਨੂੰ ਇਹ ਹੁਕਮ ਖ਼ਪਤਕਾਰ ਅਦਾਲਤ ਵੱਲੋਂ ਚੰਡੀਗੜ੍ਹ ਬਿਜਲੀ ਵਿਭਾਗ ਦੇ ਅਪੀਲ ਕੇਸ ਦੀ ਮਨਜ਼ੂਰੀ ਦਿੰਦੇ ਹੋਏ ਦਿੱਤੇ ਗਏ ਹਨ। ਮਾਮਲਾ 15 ਸਾਲ ਪੁਰਾਣੇ ਬਿਜਲੀ ਬਿੱਲ ਨਾਲ ਸਬੰਧਿਤ ਹੈ। ਇਸ ਤੋਂ ਪਹਿਲਾਂ ਪੋਪਲੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ 2004 'ਚ ਉਸ ਨੂੰ ਸੈਕਟਰ-11 'ਚ ਮਕਾਨ ਨੰਬਰ-520 ਅਲਾਟ ਹੋਇਆ ਸੀ।

ਇਹ ਵੀ ਪੜ੍ਹੋ : ਹੁਣ ਵਿਰਾਸਤੀ ਇਮਾਰਤਾਂ ’ਤੇ ਲਾਏ ਜਾਣਗੇ ਸਾਈਨ ਬੋਰਡ, ਸੈਲਾਨੀਆਂ ਨੂੰ ਨਹੀਂ ਪਵੇਗੀ ਗਾਈਡ ਦੀ ਲੋੜ

ਉਸ ਨੂੰ ਸੈਕਟਰ-7ਸੀ 'ਚ ਮਕਾਨ ਨੰਬਰ-735 ਵੀ ਅਲਾਟ ਕੀਤਾ ਗਿਆ ਸੀ। ਦਸੰਬਰ 2003 'ਚ ਉਸ ਨੇ ਫਿਰੋਜ਼ਪੁਰ 'ਚ ਤਬਦੀਲ ਹੋਣ ਕਾਰਨ ਇਹ ਮਕਾਨ ਛੱਡ ਦਿੱਤਾ ਸੀ। ਪੋਪਲੀ ਨੇ ਹੈਰਾਨੀ ਜ਼ਾਹਰ ਕੀਤੀ ਕਿ ਉਸ ਨੂੰ 28 ਮਈ, 2019 ਨੂੰ 1,18,306 ਰੁਪਏ (1,06,432 ਸੰਡਰੀ ਚਾਰਜ) ਦਾ ਬਿੱਲ ਪ੍ਰਾਪਤ ਹੋਇਆ। ਇਹ 25 ਫਰਵਰੀ 2019 ਤੋਂ 25 ਅਪ੍ਰੈਲ 2019 ਤੱਕ ਸੀ। ਇਸ 'ਚ ਪੁਰਾਣੀ ਰੀਡਿੰਗ 42,174 ਅਤੇ ਨਵੀਂ ਰੀਡਿੰਗ 44,354 ਦਰਸਾਈ ਗਈ। ਇਸ ਮਾਮਲੇ 'ਚ ਬਿਜਲੀ ਦੀ ਕੁੱਲ ਖ਼ਪਤ 2,180 ਯੂਨਿਟ ਸੀ। ਬਿਜਲੀ ਵਿਭਾਗ ਵਲੋਂ ਪੋਪਲੀ ਨੂੰ ਦੱਸਿਆ ਗਿਆ ਕਿ 2004 ਤੋਂ 48,681 ਰੁਪਏ ਬਕਾਇਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਰੇਤ ਤੇ ਬੱਜਰੀ ਨਾਲ ਭਰੇ ਵਾਹਨਾਂ ਤੋਂ ਰਾਇਲਟੀ ਤੇ ਪੈਨਲਟੀ ਵਸੂਲਣ ’ਤੇ ਹਾਈਕੋਰਟ ਦੀ ਰੋਕ

ਪੋਪਲੀ ਨੇ ਦੋਸ਼ ਲਾਇਆ ਕਿ ਉਸ ਨੂੰ ਬਿਨਾਂ ਦੱਸੇ ਇਸ 'ਚ ਸਲਾਨਾ ਸਰਚਾਰਜ ਵੀ ਜੋੜ ਦਿੱਤਾ ਗਿਆ। ਅਜਿਹੀ ਹਾਲਤ 'ਚ ਚੰਡੀਗੜ੍ਹ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ ਪੋਪਲੀ ਦੀ ਸ਼ਿਕਾਇਤ ਸਵੀਕਾਰ ਕਰਦਿਆਂ 1.23 ਲੱਖ ਰੁਪਏ ਦੀ ਯੂ. ਟੀ. ਦੀ ਮੰਗ ਰੱਦ ਕਰ ਦਿੱਤੀ ਸੀ। ਚੰਡੀਗੜ੍ਹ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਗਈ ਸੀ। ਚੰਡੀਗੜ੍ਹ ਰਾਜ ਖ਼ਪਤਕਾਰ ਕਮਿਸ਼ਨ ਨੇ ਕਿਹਾ ਕਿ ਬਿਜਲੀ ਵਿਭਾਗ ਵਿਚ ਦੁਬਾਰਾ ਜਮ੍ਹਾਂ ਕਰਵਾਈ ਗਈ ਲੇਜਰ ਐਂਟਰੀ ਅਨੁਸਾਰ ਪੋਪਲੀ ’ਤੇ ਆਊਟਸਟੈਂਡਿੰਗ ਏਰੀਅਰ ਲਗਾਤਾਰ ਬਣਿਆ ਹੋਇਆ ਹੈ। ਇਸ ਲਈ ਹੇਠਲੇ ਕਮਿਸ਼ਨ ਦੇ ਫ਼ੈਸਲੇ ਨੂੰ ਗਲਤ ਦੱਸਦੇ ਹੋਏ ਸਟੇਟ ਕਮਿਸ਼ਨ ਨੇ ਇਹ ਫ਼ੈਸਲਾ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਇਹ ਸਾਬਿਤ ਹੋ ਗਿਆ ਹੈ ਕਿ ਪੋਪਲੀ ਦੇ ਬਕਾਏ ਰਹਿੰਦੇ ਸਨ। ਇਹ 6 ਮਹੀਨਿਆਂ ਦੀ ਮਿਆਦ ਲਈ ਪੈਂਡਿੰਗ ਸਨ ਅਤੇ ਬਕਾਇਆ ਉਸੇ ਖ਼ਪਤਕਾਰ (ਪੋਪਲੀ) ਦੀ ਕਿਸੇ ਹੋਰ ਇੰਸਟਾਲੇਸ਼ਨ (ਮੀਟਰਾਂ ਦੀ ਸਥਾਪਨਾ) ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਵਿਭਾਗ ਕੋਲ ਬਕਾਇਆ ਵਸੂਲੀ ਕਰਨ ਦਾ ਅਧਿਕਾਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News