ਹਵੇਲੀ ਦੇ ਮਾਲਕ ਦੀ ਨਵੀਂ ਬਣ ਰਹੀ ਕੋਠੀ ''ਚੋਂ ਸੈਨੇਟਰੀ ਦਾ ਸਾਮਾਨ ਚੋਰੀ
Thursday, Jun 28, 2018 - 06:51 AM (IST)
ਜਲੰਧਰ, (ਵਰੁਣ)- ਹਵੇਲੀ ਦੇ ਮਾਲਕ ਸਤੀਸ਼ ਜੈਨ ਦੀ ਪੰਜਾਬ ਬਾਗ 'ਚ ਬਣ ਰਹੀ ਕੋਠੀ 'ਚੋਂ ਸੈਨੇਟਰੀ ਦਾ ਸਾਮਾਨ ਚੋਰੀ ਕਰ ਕੇ ਵੇਚਣ ਗਏ 4 ਨਾਬਾਲਿਗ ਚੋਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੌਕੇ ਤੋਂ ਹੀ ਸਾਰਾ ਸਾਮਾਨ ਬਰਾਮਦ ਕਰ ਕੇ ਚਾਰਾਂ ਖਿਲਾਫ ਕੇਸ ਦਰਜ ਕਰ ਲਿਆ ਤੇ ਉਨ੍ਹਾਂ ਨੂੰ ਬਾਲ ਸੁਧਾਰ ਘਰ 'ਚ ਭੇਜ ਦਿੱਤਾ।
ਥਾਣਾ ਨੰ. 7 ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਬਾੜੀਏ ਨੇ ਹੀ ਫੋਨ ਕਰ ਕੇ ਸੂਚਨਾ ਦਿੱਤੀ ਸੀ ਕਿ 4 ਨਾਬਾਲਿਗ ਉਸ ਦੀ ਦੁਕਾਨ 'ਚ ਸੈਨੇਟਰੀ ਦਾ ਸਾਮਾਨ ਵੇਚਣ ਆਏ ਹਨ। ਉਨ੍ਹਾਂ ਨੇ ਤੁਰੰਤ ਪੁਲਸ ਟੀਮ ਭੇਜ ਕੇ ਚਾਰਾਂ ਨੂੰ ਹਿਰਾਸਤ 'ਚ ਲੈ ਲਿਆ। ਪੁੱਛਗਿੱਛ 'ਚ ਪਤਾ ਲੱਗਾ ਕਿ ਚਾਰਾਂ ਨੇ ਸੈਨੇਟਰੀ ਦਾ ਸਾਮਾਨ ਮਿੱਠਾਪੁਰ ਸਥਿਤ ਪੰਜਾਬੀ ਬਾਗ 'ਚ ਨਵੀਂ ਬਣ ਰਹੀ ਕੋਠੀ 'ਚੋਂ ਚੋਰੀ ਕੀਤਾ ਸੀ। ਪੁਲਸ ਨੇ ਜਦੋਂ ਕੋਠੀ 'ਚ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਕੋਠੀ ਹਵੇਲੀ ਦੇ ਮਾਲਕ ਸਤੀਸ਼ ਜੈਨ ਦੀ ਸੀ। ਇੰਸਪੈਕਟਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਚੋਰੀ ਕੀਤਾ ਗਿਆ ਸਾਮਾਨ ਮਿਲ ਗਿਆ ਹੈ। ਨਾਬਾਲਿਗਾਂ ਨੂੰ ਬਾਲ ਸੁਧਾਰ ਘਰ 'ਚ ਭੇਜ ਦਿੱਤਾ ਹੈ।
