ਸੰਗਰੂਰ ਸੀਟ ''ਤੇ ਡੇਰਾ ਪ੍ਰੇਮੀਆਂ ਦੀ ਰਹੇਗੀ ਅਹਿਮ ਭੂਮਿਕਾ

Friday, Apr 26, 2019 - 02:34 PM (IST)

ਸੰਗਰੂਰ ਸੀਟ ''ਤੇ ਡੇਰਾ ਪ੍ਰੇਮੀਆਂ ਦੀ ਰਹੇਗੀ ਅਹਿਮ ਭੂਮਿਕਾ

ਲਹਿਰਾਗਾਗਾ (ਗਰਗ) - ਸੂਬੇ 'ਚ ਲੋਕ ਸਭਾ ਚੋਣਾਂ ਦਾ ਖੁਮਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਸਾਰਿਆਂ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਜਿੱਥੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਹੀ ਰੁੱਸਿਆਂ ਨੂੰ ਮਨਾਉਣ ਤੇ ਵਿਰੋਧੀ ਸੁਰ ਵਲੋਂ ਧਮਕਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਤੇ 'ਆਪ' ਦੇ ਭਗਵੰਤ ਮਾਨ 'ਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸੰਗਰੂਰ ਫੇਰੀ ਦੌਰਾਨ ਆਪੋ ਆਪਣੇ ਹਲਕਿਆਂ 'ਚ ਚੰਗੀ ਕਾਰਗੁਜ਼ਾਰੀ ਨਾ ਦਿਖਾਉਣ ਵਾਲੇ ਨੇਤਾਵਾਂ ਵਿਰੁੱਧ ਸਿੱਧੀ ਕਾਰਵਾਈ ਕਰਨ ਦੇ ਦਿੱਤੇ ਸੰਕੇਤ ਨੇ ਬੇਸ਼ੱਕ ਸਰਦਾਰ ਢਿੱਲੋ ਦੀ ਸਥਿਤੀ ਮਜਬੂਤ ਕਰ ਦਿੱਤੀ ਹੈ ਪਰ ਬਾਵਜੂਦ ਇਸਦੇ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ (ਪ੍ਰੇਮੀਆ) ਦੀ ਵੋਟ ਕਿਸੇ ਵੀ ਉਮੀਦਵਾਰ ਦੀ ਹਾਰ ਜਿੱਤ 'ਚ ਅਹਿਮ ਰੋਲ ਅਦਾ ਕਰੇਗੀ। 

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਡੇਰਾ ਪ੍ਰੇਮੀਆਂ ਵਲੋਂ ਕੀਤੇ ਗਏ ਇਕੱਠ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਡੇਰਾ ਪ੍ਰੇਮੀ ਇਕੋ ਹੀ ਪਲੇਟਫਾਰਮ 'ਤੇ ਇਕੱਠੇ ਹਨ ਅਤੇ ਇਕ ਪਾਸੇ ਹੀ ਵੋਟਾਂ ਪਾਉਣਗੇ। ਇਸ ਸਬੰਧ 'ਚ ਜਦੋਂ ਕੁਝ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਪਿਛਲੇ ਸਮੇਂ 'ਚ ਬੇਸ਼ੱਕ ਡੇਰਾ ਪ੍ਰੇਮੀਆਂ ਦੀਆਂ ਕੁਝ ਵੋਟਾਂ ਵੰਡ ਕੇ ਪੈਂਦੀਆਂ ਰਹੀਆਂ ਪਰ ਇਸ ਵਾਰ ਪਿਤਾ ਜੀ (ਡੇਰਾ ਮੁਖੀ) ਦੇ ਖਿਲਾਫ ਝੂਠੇ ਕੇਸ ਦਰਜ ਕਰਨ ਕਰਕੇ ਪ੍ਰੇਮੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਹੈ। ਉਹ ਸਿਆਸੀ ਵਿੰਗ ਦੇ ਹੁਕਮ 'ਤੇ ਹੀ ਵੋਟ ਪਾਉਣਗੇ ਅਤੇ ਕਿਸੇ ਵੀ ਪ੍ਰੇਮੀ ਦੀ ਵੋਟ ਡੇਰੇ ਦੇ ਹੁਕਮ ਤੋਂ ਬਾਹਰ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਡੇਰਾ ਪ੍ਰੇਮੀਆਂ ਦੀ ਵੋਟ ਅਹਿਮ ਰੋਲ ਅਦਾ ਕਰੇਗੀ। ਹੁਣ ਦੇਖਣਾ ਹੈ ਕਿ ਡੇਰੇ ਦਾ ਸਿਆਸੀ ਵਿੰਗ ਡੇਰਾ ਪ੍ਰੇਮੀਆਂ ਨੂੰ ਕਿਸੇ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣ ਲਈ ਕਹਿੰਦਾ ਹੈ ਅਤੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।


author

rajwinder kaur

Content Editor

Related News