ਆਪਣੀ ਹੀ ਸਰਕਾਰ 'ਤੇ ਵਰ੍ਹੇ ਵਿਧਾਇਕ ਧੀਮਾਨ, ਦਿੱਤਾ ਇਹ ਬਿਆਨ

01/25/2020 9:32:02 AM

ਸੰਗਰੂਰ/ਦਿੜ੍ਹਬਾ (ਬੇਦੀ, ਅਜੇ) : ਕੈਪਟਨ ਸਰਕਾਰ ਨੂੰ ਜਿੱਥੇ ਵਿਰੋਧੀ ਘੇਰ ਰਹੇ ਹਨ, ਉੱਥੇ ਸਰਕਾਰ ਦੇ ਆਪਣੇ ਵਿਧਾਇਕ ਵੀ ਉਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਬੀਤੇ ਦਿਨ ਕਾਂਗਰਸ ਪਾਰਟੀ ਦੇ ਇਕ ਹੋਰ ਵਿਧਾਇਕ ਨੇ ਆਪਣੀ ਸਰਕਾਰ ਨੂੰ ਘੇਰਦਿਆਂ ਉਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਏ ਹਨ। ਇਹ ਚਰਚਾ ਅਜੇ ਰੁਕੀ ਹੀ ਨਹੀਂ ਸੀ ਕਿ ਪੰਜਾਬ ਦੇ ਮੌਜੂਦਾ ਕੈਪਟਨ ਸਰਕਾਰ ਦੇ ਇਕ ਹੋਰ ਵਿਧਾਇਕ ਨੇ ਆਪਣੀ ਸਰਕਾਰ ਨੂੰ ਘੇਰਦਿਆਂ ਬੜੀ ਨਾਰਾਜ਼ਗੀ ਪ੍ਰਗਟਾਈ ਹੈ। ਸੰਗਰੂਰ ਦੇ ਦਿੜ੍ਹਬਾ ਹਲਕੇ 'ਚ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਆਪਣੀ ਸਰਕਾਰ 'ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੱਕ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ ਅਤੇ ਆਪਣੀ ਸਰਕਾਰ ਨੂੰ ਹਰ ਪੱਖੋਂ ਅਸਫਲ ਕਰਾਰ ਦਿੱਤਾ ਹੈ। ਧੀਮਾਨ ਸ਼ੁੱਕਰਵਾਰ ਨੂੰ ਇੱਥੇ ਇਕ ਕਾਲਜ ਦੇ ਸਮਾਗਮ 'ਚ ਪਹੁੰਚੇ ਹੋਏ ਸਨ। ਧੀਮਾਨ ਨੇ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਿਹਨਤੀ ਲੀਡਰ ਹਨ ਪਰ ਸੱਚੇ ਲੀਡਰ ਪਾਰਟੀ ਨੂੰ ਰਾਸ ਨਹੀਂ ਆ ਰਹੇ। ਸਿੱਧੂ ਨੇ ਸਮੇਂ-ਸਮੇਂ 'ਤੇ ਪਾਰਟੀ ਲਈ ਬੜਾ ਸ਼ਲਾਘਾਯੋਗ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਸਰਕਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੁਝ ਨਹੀਂ ਕਰ ਸਕੀ ਅਤੇ ਹੁਣ ਪਿਛਲੇ ਕੁਝ ਤਿੰਨ ਸਾਲਾਂ ਤੋਂ ਸਾਡੀ ਪਾਰਟੀ ਦੀ ਸਰਕਾਰ ਵੀ ਕੁਝ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਵੇਲੇ ਲੋਕਾਂ ਨੂੰ ਬੜੇ ਦਿਲ ਲੁਭਾਉਣ ਵਾਲੇ ਵਾਅਦੇ ਕੀਤੇ ਸਨ ਪਰ ਸਰਕਾਰ ਸਿੱਖਿਆ, ਘਰ-ਘਰ ਨੌਕਰੀ, ਬਿਜਲੀ ਅਤੇ ਭ੍ਰਿਸ਼ਟਾਚਾਰ 'ਤੇ ਕਿਸੇ ਵੀ ਕੀਮਤ 'ਤੇ ਕਾਬੂ ਨਹੀਂ ਪਾ ਸਕੀ। ਉਨ੍ਹਾਂ ਕਿਹਾ ਕਿ ਲੋਕਾਂ 'ਚ ਪੰਜਾਬ ਸਰਕਾਰ ਪ੍ਰਤੀ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਜਿਹੜਾ 2017 'ਚ ਅਕਾਲੀਆ ਦਾ ਹਸ਼ਰ ਹੋਇਆ ਸੀ, ਉਹੀ 2022 'ਚ ਕਾਂਗਰਸ ਦਾ ਹੋਣ ਦਾ ਖਦਸ਼ਾ ਹੈ ਅਤੇ ਸਰਕਾਰ ਨੂੰ ਸੰਭਲਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਦੋਸ਼ ਲਾਏ ਸਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਰਾਹੀਂ ਸਰਕਾਰ ਦੀਆਂ ਖਾਮੀਆਂ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ ਸੀ। ਸਰਕਾਰ ਦੇ ਪਿਛਲੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਚੰਗੇ ਬਖੀਏ ਉਧੇੜੇ ਸਨ।

ਬੀਤੀ ਦਿਨੀਂ ਬਾਘਾਪੁਰਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ ਦੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਨੌਜਵਾਨਾਂ ਦੇ ਵਿਦੇਸ਼ ਜਾਣ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਪੰਜਾਬ 'ਚ ਗੈਂਗਸਟਰਵਾਦ ਅਤੇ ਚਿੱਟੇ ਦੇ ਕਾਰਣ ਪੰਜਾਬ ਦੀ ਨੌਜਵਾਨੀ ਅਤੇ ਉਨ੍ਹਾਂ ਦੇ ਮਾਪੇ ਬੜੇ ਡਰੇ ਹੋਏ ਹਨ। ਇਸ ਡਰ ਦੇ ਕਾਰਣ ਪੰਜਾਬ 'ਚ ਢੁੱਕਵਾਂ ਰੋਜ਼ਗਾਰ ਨਾ ਮਿਲਣ ਕਾਰਣ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜੀ ਜਾ ਰਹੇ ਹਨ। ਰੰਧਾਵਾ ਨੇ ਕਿਹਾ ਸੀ ਕਿ ਸਰਕਾਰ ਇਸ ਨਾਜ਼ੁਕ ਮੁੱਦੇ ਸਬੰਧੀ ਗੰਭੀਰ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਸਬੰਧੀ ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੀ ਹੈ। ਕੈਬਨਿਟ ਮੰਤਰੀ ਰੰਧਾਵਾ ਦੇ ਇਸ ਬਿਆਨ ਦੀ ਲੋਕਾਂ 'ਚ ਗੰਭੀਰ ਚਰਚਾ ਹੋਈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਮੰਤਰੀ ਦੀ ਹਾਜ਼ਰੀ 'ਚ ਸਰਕਾਰੀ ਅਧਿਕਾਰੀਆਂ 'ਤੇ ਵਰ੍ਹ ਚੁੱਕੇ ਹਨ।


cherry

Content Editor

Related News