ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਵਰ੍ਹੀਆਂ ਡਾਂਗਾਂ, ਕਈ ਜ਼ਖਮੀ
Sunday, Nov 24, 2019 - 03:54 PM (IST)
![ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ 'ਤੇ ਵਰ੍ਹੀਆਂ ਡਾਂਗਾਂ, ਕਈ ਜ਼ਖਮੀ](https://static.jagbani.com/multimedia/2019_11image_15_52_244939871e.jpg)
ਸੰਗਰੂਰ(ਬੇਦੀ) : ਪਿਛਲੇ ਢਾਈ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਵਿਖੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਅਤੇ ਡਾਂਗਾਂ ਦਾ ਸੇਕ ਝੱਲ ਰਹੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਤੇ ਈ. ਟੀ. ਟੀ. ਅਧਿਆਪਕਾਂ ਨੇ ਅੱਜ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਅਤੇ ਇਨਸਾਫ਼-ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਸਾਂਝਾ ਰੋਸ-ਮੁਜ਼ਾਹਰਾ ਕੀਤਾ। ਜਦੋਂ ਬੇਰੁਜ਼ਗਾਰ ਅਧਿਆਪਕਾਂ ਦਾ ਕਾਫ਼ਲਾ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪਹੁੰਚਿਆ ਤਾਂ ਬੈਰੀਕੇਡ ਲਗਾ ਕੇ ਖੜ੍ਹੀ ਪੁਲਸ ਨਾਲ ਅਧਿਆਪਕਾਂ ਦਾ ਟਕਰਾਅ ਹੋ ਗਿਆ। ਇਸ ਦੌਰਾਨ ਜੰਮ ਕੇ ਡਾਂਗਾਂ ਵਰ੍ਹੀਆਂ ਅਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟ ਗਏ, ਜਿਸ ਵਿਚ ਦਰਜ਼ਨ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ। ਉਥੇ ਹੀ ਗੰਭੀਰ ਹਾਲਤ ਵਿਚ ਜ਼ਖਮੀ ਹੋਈ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੀ ਜਨਰਲ ਸਕੱਤਰ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ, ਬੇਰੁਜ਼ਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ਼ ਨੇ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਜ਼ਬਰ ਦੇ ਰਾਹ ਤੁਰੀ ਹੋਈ ਹੈ। ਜਿਹੜੀਆਂ ਸ਼ਰਤਾਂ 'ਤੇ ਬੀ.ਐੱਡ./ਈ.ਟੀ.ਟੀ. ਅਤੇ ਟੈੱਟ ਕਰਵਾਏ ਗਏ ਸਨ, ਹੁਣ ਨੌਕਰੀ ਲਈ ਸ਼ਰਤਾਂ ਬਦਲ ਕੇ ਉਮੀਦਵਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ। ਨੈਸ਼ਨਲ ਕੌਂਸਲ ਆਫ਼ ਟੀਚਰਜ਼ ਐਜੂਕੇਸ਼ਨ ਦੇ ਨਿਯਮਾਂ ਮੁਤਾਬਕ ਬਾਰ੍ਹਵੀਂ ਪਾਸ ਅਤੇ ਈ.ਟੀ.ਟੀ. ਉਮੀਦਵਾਰ ਨੌਕਰੀ ਲਈ ਯੋਗ ਹੈ ਪਰ ਹੁਣ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਮੜ੍ਹ ਦਿੱਤੀ ਗਈ ਹੈ। ਇਸੇ ਤਰ੍ਹਾਂ ਗ੍ਰੈਜੂਏਸ਼ਨ 45/50 ਫੀਸਦੀ ਅੰਕਾਂ ਨਾਲ ਕਰਵਾਉਣ ਮਗਰੋਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਉਮੀਦਵਾਰਾਂ 'ਤੇ 55 ਫੀਸਦੀ ਸ਼ਰਤ ਮੜ੍ਹੀ ਜਾ ਰਹੀ ਹੈ, ਜੋ ਸਰਾਸਰ ਤਾਨਾਸ਼ਾਹੀ ਹੈ। ਬੀ.ਐੱਡ. ਅਤੇ ਈ.ਟੀ.ਟੀ. ਦੀਆਂ 30 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਨਵੀਆਂ ਭਰਤੀ ਦੀਆਂ ਸ਼ਰਤਾਂ ਤੋਂ ਪੀੜਤ ਹੋ ਕੇ ਖੁਦਕੁਸ਼ੀ ਕਰ ਗਏ ਬੇਰੁਜ਼ਗਾਰ ਅਧਿਆਪਕ ਜਗਸੀਰ ਸਿੰਘ ਮਾਨਸਾ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ।
ਸੰਘਰਸ਼ ਦੀ ਹਮਾਇਤ 'ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ-ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਤਾਨਾਸ਼ਾਹ ਕਰਾਰ ਦਿੱਤਾ। ਇਕ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 30 ਹਜ਼ਾਰ ਤੋਂ ਵੱਧ ਅਧਿਆਪਕ ਅਸਾਮੀਆਂ ਖਾਲੀ ਹਨ, ਦੂਜੇ ਪਾਸੇ ਨੌਕਰੀ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਦੇ ਜ਼ੋਰ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਵਿਧਾਨ-ਸਭਾ ਚੋਣਾਂ ਮੌਕੇ “ਘਰ-ਘਰ ਨੌਕਰੀ“ ਅਤੇ 2500 ਰੁਪਏ ਬੇਰੁਜ਼ਗਾਰੀ ਭੱਤੇ ਦਾ ਵਾਅਦੇ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਤਾਂ ਕੀ, ਮੀਟਿੰਗ ਲਈ ਵੀ ਸਮਾਂ ਨਹੀਂ ਕੱਢ ਸਕੇ। ਬੁਲਾਰਿਆਂ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ 'ਤੇ ਜਥੇਬੰਦੀਆਂ ਵੱਲੋਂ ਵੱਡਾ ਸਾਂਝਾ ਘੋਲ ਵਿੱਢਿਆ ਜਾਵੇਗਾ।