ਸੰਗਰੂਰ ਸੀਟ ''ਤੇ ਸਾਬਕਾ ਐੱਮ.ਪੀਜ਼ ਦੇ ਪੈਣਗੇ ਪੇਚੇ
Thursday, Jan 17, 2019 - 01:46 PM (IST)
ਸੰਗਰੂਰ (ਵਿਵੇਕ ਸਿੰਧਵਾਨੀ)— ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਹਰ ਪਾਰਲੀਮੈਂਟ ਹਲਕੇ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਤਲਾਸ਼ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਕੁਝ ਪਾਰਟੀਆਂ ਦੇ ਉਮੀਦਵਾਰੀ ਦੇ ਚਾਹਵਾਨ ਵਿਅਕਤੀ ਕਿਸੇ ਨਾ ਕਿਸੇ ਬਹਾਨੇ ਆਪਣਾ ਨਾਂ ਇਲਾਕੇ 'ਚ ਉਭਾਰਨ 'ਚ ਲੱਗੇ ਹੋਏ ਹਨ ਤਾਂ ਜੋ ਉਹ ਪਾਰਟੀ ਦੇ ਵੱਡੇ ਆਗੂਆਂ ਤੇ ਵੋਟਰਾਂ ਦੀਆਂ ਨਜ਼ਰਾਂ 'ਚ ਆਉਣ। ਉਹ ਅਕਸਰ ਕਿਸੇ ਨਾ ਕਿਸੇ ਬਹਾਨੇ ਮੀਡੀਆ 'ਚ ਆ ਰਹੇ ਹਨ, ਜਿਥੋਂ ਤੱਕ ਸੰਗਰੂਰ ਪਾਰਲੀਮੈਂਟ ਹਲਕੇ ਦਾ ਸਵਾਲ ਹੈ ਇਥੇ ਜੋ ਅੱਜ ਦੇ ਹਾਲਾਤ ਨਜ਼ਰ ਆ ਰਹੇ ਹਨ, ਉਨ੍ਹਾਂ 'ਚ ਕਾਂਗਰਸ ਪਾਰਟੀ ਦੇ ਕਈ ਨੇਤਾ ਜਿਨ੍ਹਾਂ 'ਚ ਕਈ ਨਵੇਂ ਚਿਹਰੇ ਤੇ ਕਈ ਪੁਰਾਣੇ ਘਾਗ ਲੀਡਰਾਂ ਦੇ ਨਾਵਾਂ 'ਤੇ ਚਰਚਾ ਚੱਲ ਰਹੀ ਹੀ । ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸੰਗਰੂਰ ਹਲਕੇ ਤੋਂ ਉਮੀਦਵਾਰੀ ਦਾ ਐਲਾਨ ਕਰ ਚੁੱਕੇ ਹਨ। 'ਆਪ' ਦੇ ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਉਮੀਦਵਾਰੀ ਦਾ ਵੀ ਐਲਾਨ ਹੋ ਚੁੱਕਾ ਹੈ । ਸ਼੍ਰੋਮਣੀ ਅਕਾਲੀ ਦਲ(ਟਕਸਾਲੀ) ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੂੰ ਪਾਰਟੀ 'ਚ ਸ਼ਾਮਲ ਕਰਨ ਉਪਰੰਤ ਉਨ੍ਹਾਂ ਦੇ ਚੋਣ ਮੈਦਾਨ 'ਚ ਆਉਣ ਬਾਰੇ ਵੀ ਚਰਚਾ ਚੱਲ ਰਹੀ ਹੈ, ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਵਾਲ ਹੈ, ਉਥੇ ਅਜੇ ਖਮੋਸ਼ੀ ਛਾਈ ਹੋਈ ਹੈ। ਇਸ ਦੇ ਕਈ ਕਾਰਨ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਸੰਗਰੂਰ ਜ਼ਿਲੇ ਦੇ ਟਰਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਰਗਰਮ ਸਿਆਸਤ ਤੋਂ ਅਸਤੀਫਾ ਦੇਣਾ ਹੈ।
ਇਸ ਤੋਂ ਪਹਿਲਾਂ ਇਹ ਚਰਚਾ ਆਮ ਸੀ ਕਿ ਇਸ ਵਾਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਗਗਨਜੀਤ ਕੌਰ ਢੀਂਡਸਾ ਪਾਰਲੀਮੈਂਟ ਲਈ ਉਮੀਦਵਾਰ ਹੋਣਗੇ। ਜਿਉਂ ਹੀ ਢੀਂਡਸਾ ਹੋਰਾਂ ਦਾ ਅਸਤੀਫਾ ਆਇਆ ਤਾਂ ਅਕਾਲੀ ਦਲ ਅੰਦਰ ਇਕ ਭੂਚਾਲ ਜਿਹਾ ਆ ਗਿਆ। ਉਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਆ ਕੇ ਇਕ ਵਰਕਰ ਮੀਟਿੰਗ ਕੀਤੀ, ਜਿਸ 'ਚ ਸਾਬਕਾ ਖਜ਼ਾਨਾ ਮੰਤਰੀ ਤੇ ਲਹਿਰਾ ਤੋਂ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਸਾਡਾ ਪਰਿਵਾਰ ਟਿਕਟ ਦੀ ਮੰਗ ਨਹੀਂ ਕਰਦਾ ਤੇ ਪਾਰਟੀ ਜਿਸ ਵੀ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰੇਗੀ, ਉਸ ਦੀ ਮਦਦ ਸਾਡਾ ਪਰਿਵਾਰ ਕਰੇਗਾ। ਉਸ ਸਮੇਂ ਤੋਂ ਬਾਅਦ ਅਕਾਲੀ ਦਲ ਅੰਦਰ ਪਾਰਲੀਮੈਂਟ ਚੋਣਾਂ 'ਚ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਉਮੀਦਵਾਰ ਦਾ ਨਾਂ ਚਰਚਾ 'ਚ ਨਹੀਂ ਆਇਆ। ਅਕਾਲੀ ਦਲ ਦੇ ਸਾਹਮਣੇ ਕਈ ਚੁਣੌਤੀਆਂ ਹਨ। ਮੌਜੂਦਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਦੇ ਇਸ ਵਾਰ ਫਿਰ ਤੋਂ ਚੋਣ ਮੈਦਾਨ 'ਚ ਉਮੀਦਵਾਰ ਵਜੋਂ ਉਤਰਨ ਬਾਰੇ ਐਲਾਨ 'ਆਪ' ਦੀ ਹਾਈਕਮਾਂਡ ਵੀ ਕਰ ਚੁੱਕੀ ਹੈ। ਉਹ ਇਲਾਕੇ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਕਾਫੀ ਉਤਸ਼ਾਹ ਨਾਲ ਮੈਦਾਨ 'ਚ ਉਤਰਨਗੇ। ਜਿਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਉਸ ਦੇ ਕਈ ਲੀਡਰ ਮਨਾਂ ਅੰਦਰ ਉਮੀਦਵਾਰੀ ਦੇ ਲੱਡੂ ਚੱਖ ਰਹੇ ਹਨ। ਉਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਤੇ ਪਲਾਨਿੰਗ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਜਾਂ ਉਨ੍ਹਾਂ ਦੇ ਸਪੁੱਤਰ ਕਰਨ ਢਿੱਲੋਂ, ਸਾਬਕਾ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਅਮਰਗੜ੍ਹ ਹਲਕੇ ਤੋਂ ਸੁਰਜੀਤ ਸਿੰਘ ਧੀਮਾਨ ਦੇ ਫਰਜ਼ੰਦ ਤੇ ਹਲਕਾ ਧੂਰੀ ਤੋਂ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਧਰਮਪਤਨੀ ਦੇ ਨਾਵਾਂ ਦੀ ਵੀ ਚਰਚਾ ਚੱਲ ਰਹੀ ਹੈ।