ਸੰਗਰੂਰ 'ਚ ਜਸ਼ਨ, ਭਗਵੰਤ ਮਾਨ ਦੇ ਸਮਰਥਕਾਂ ਨੇ ਪਾਏ ਭੰਗੜੇ
Thursday, May 23, 2019 - 04:31 PM (IST)

ਸੰਗਰੂਰ (ਕਾਂਸਲ) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੰਸਦ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ 2019 ਵਿਚ ਇਕ ਵਾਰ ਫਿਰ ਵੱਡੀ ਲੀਡ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਗਈ। ਮਾਨ ਦੀ ਜਿੱਤ ਦੀ ਖੁਸ਼ੀ ਵਿਚ ਭਵਾਨੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਭੰਗੜੇ ਵੀ ਪਾਏ ਗਏ। ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਅੱਜ ਵੀ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਹੈ' ਗੀਤ ਉੱਪਰ ਭੰਗੜੇ ਪਾਏ ਗਏ।
ਇਸ ਮੌਕੇ ਆਪਣੇ ਸੰਬੋਧਨ ਵਿਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਇਹ ਗੀਤ ਕੋਈ ਲੱਚਰਤਾ ਨਹੀਂ ਸਗੋਂ ਸੱਚਾਈ ਬਿਆਨ ਕਰਦਾ ਹੈ, ਕਿ ਕਿਵੇਂ ਸੰਸਦ ਵਿਚ ਲੋਕਾਂ ਲਈ ਸੱਚ ਦੀ ਆਵਾਜ਼ ਬਣਨ ਵਾਲੇ ਤੇ ਲੋਕਾਂ ਦੇ ਮੁੱਦੇ ਉਠਾਉਣ ਵਾਲੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਦੁਬਾਰਾ ਸੰਸਦ ਵਿਚ ਨਾ ਆਉਣ ਦੇਣ ਲਈ ਸਾਰੀਆਂ ਪਾਰਟੀਆਂ ਨੇ ਜ਼ੋਰ ਲਗਾਇਆ ਹੋਇਆ ਸੀ ਪਰ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਵੱਡੀ ਲੀਡ ਨਾਲ ਜਿੱਤਾ ਇਕ ਵਾਰ ਫਿਰ ਸੰਸਦ ਵਿਚ ਭੇਜਿਆ ਹੈ।