ਧੀ ਦੇ ਵਿਆਹ ਦੀ ਸੀ ਤਿਆਰੀ, ਕਰਜ਼ਾਈ ਕਿਸਾਨ ਨੇ ਕੀਤੀ ਖੁਦਕੁਸ਼ੀ

11/16/2018 6:48:35 PM

ਸੰਗਰੂਰ(ਬਿਊਰੋ)— ਘਰ ਵਿਚ ਧੀ ਦੇ ਵਿਆਹ ਦੀਆਂ ਤਿਆਰੀਆਂ ਦੌਰਾਨ ਕਰਜ਼ੇ ਹੇਠ ਦੱਬੇ ਇਕ ਕਿਸਾਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦਸੋਦੀਆ ਦੇ ਕਿਸਾਨ ਨਰਿੰਦਰ ਸਿੰਘ (45) 'ਤੇ ਕਰੀਬ 20 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਵਿਚੋਂ 15 ਲੱਖ ਬੈਂਕ ਅਤੇ 5 ਲੱਖ ਆੜ੍ਹਤੀਆਂ ਦਾ ਕਰਜ਼ਾ ਹੈ। ਭਤੀਜੇ ਜਿਓਨ ਸਿੰਘ ਨੇ ਦੱਸਿਆ ਕਿ ਕਰਜ਼ੇ ਦੇ ਚਲਦੇ ਉਸ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਚਾਚਾ ਨਰਿੰਦਰ ਸਿੰਘ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਫਸਲ ਦਾ ਝਾੜ ਪਿਛਲੀ ਵਾਰ ਨਾਲੋਂ ਘੱਟ ਨਿਕਲਣ ਅਤੇ ਕਰਜ਼ਾ ਨਾ ਮੋੜਨ ਕਾਰਨ ਚਾਚਾ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚਲਦੇ ਚਾਚਾ ਨਰਿੰਦਰ ਸਿੰਘ ਖੇਤ ਵਿਚ ਗਿਆ ਅਤੇ ਉਥੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਓਨ ਸਿੰਘ ਨੇ ਦੱਸਿਆ ਕਿ ਚਾਚੇ ਦੀਆਂ 2 ਧੀਆਂ ਅਤੇ 2 ਪੁੱਤਰ ਹਨ। ਇਕ ਧੀ ਦਾ ਵਿਆਹ ਹੋ ਚੁੱਕਾ ਹੈ ਅਤੇ ਦੂਜੀ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਥਾਣਾ ਝੁਨੀਰ ਦੇ ਇੰਚਾਰਜ ਅਜੇ ਪਰੋਚਾ ਨੇ ਦੱਸਿਆ ਕਿ ਪਿੰਡ ਦਸੋਦੀਆ ਦੇ ਕਿਸਾਨ ਨਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਨੇ ਕਰਜ਼ੇ ਦੇ ਚਲਦੇ ਖੁਦਕੁਸ਼ੀ ਕੀਤੀ ਹੈ ਅਤੇ ਮ੍ਰਿਤਕ ਦੇ ਬੇਟੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।


cherry

Content Editor

Related News