ਵਿਧਾਇਕਾਂ ਨੂੰ ਲਗਜ਼ਰੀ ਗੱਡੀਆਂ ਦੇਣ ਦੇ ਮਾਮਲੇ 'ਤੇ ਚੀਮਾ ਨੇ ਕੈਪਟਨ ਨੂੰ ਲਿਆ ਲੰਮੇਂ ਹੱਥੀਂ
Thursday, Dec 19, 2019 - 05:40 PM (IST)

ਸੰਗਰੂਰ (ਰਾਜੇਸ਼ ਕੋਹਲੀ) : ਕੈਪਟਨ ਸਰਕਾਰ ਵੱਲੋਂ ਬੀਤੇ ਦਿਨ ਲਗਜ਼ਰੀ ਕਾਰਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਵਿੱਤ ਵਿਭਾਗ ਕੋਲ ਭੇਜਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ 'ਤੇ ਸ਼ਬਦੀ ਹਮਲਾ ਬੋਲਿਆ ਹੈ।
ਚੀਮਾ ਦਾ ਕਹਿਣਾ ਹੈ ਕਿ ਇਕ ਪਾਸੇ ਪੰਜਾਬ ਦਾ ਖਜ਼ਾਨਾ ਖਾਲੀ ਹੈ ਤੇ ਸਰਕਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਦੂਜੇ ਪਾਸੇ ਕੈਪਟਨ ਸਰਕਾਰ ਵਿਧਾਇਕਾਂ ਨੂੰ ਲਗਜ਼ਰੀ ਕਾਰਾਂ ਦੇਣ ਦਾ ਪ੍ਰਸਤਾਵ ਤਿਆਰ ਕਰ ਰਹੀ ਹੈ। ਇਸ ਦੇ ਨਾਲ ਹੀ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ 'ਤੇ ਟੈਕਸ ਚੋਰੀ ਕਰਨ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਮਾਮਲਾ ਹੈ। ਜੇਕਰ ਪੰਜਾਬ ਦਾ ਮੁੱਖ ਮੰਤਰੀ ਹੀ ਟੈਕਸ ਦੀ ਚੋਰੀ ਕਰੇਗਾ ਤਾਂ ਇਸ ਨਾਲ ਪੰਜਾਬ ਲੋਕਾਂ ਵਿਚ ਕੀ ਸੰਦੇਸ਼ ਜਾਏਗਾ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਸ ਦੇ ਮੰਤਰੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਚੀਮਾ ਨੇ ਅਕਾਲੀ ਦਲ ਵਿਚ ਮਚੇ ਬਵਾਲ 'ਤੇ ਬੋਲਦੇ ਹੋਏ ਕਿਹਾ ਕਿ ਜਦੋਂ ਅਕਾਲੀ ਦਲ ਹੋਂਦ ਵਿਚ ਆਇਆ ਸੀ ਤਾਂ ਪਾਰਟੀ ਦੇ ਆਪਣੇ ਕੁਝ ਸਿਧਾਂਤ ਸਨ ਪਰ ਅੱਜ ਅਕਾਲੀ ਦਲ ਇਕ ਘਰਾਣੇ ਦਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲੀ ਦਲ ਦੇ 100 ਸਾਲ ਪੂਰੇ ਹੋਣਗੇ ਉਦੋਂ ਤੱਕ ਇਹ ਖਾਲੀ ਦਲ ਹੋ ਜਾਵੇਗਾ। ਇਸ ਵਿਚ ਕਿਸੇ ਨੇ ਨਹੀਂ ਰਹਿਣਾ ਕਿਉਂਕਿ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਪਤੀ-ਪਤਨੀ ਤੇ ਪਰਿਵਾਰ ਦੀ ਪਾਰਟੀ ਹੈ।