ਬਿਮਾਰ ਗਊਆਂ ਪਾਲ ਰਿਹੈ ਇਹ ਸ਼ਖਸ, ਖੁਦ ਨੂੰ ਨਹੀਂ ਕਹਾਉਂਦਾ ‘ਗਊ ਰਕਸ਼ਕ’

Thursday, Aug 29, 2019 - 12:18 PM (IST)

ਬਿਮਾਰ ਗਊਆਂ ਪਾਲ ਰਿਹੈ ਇਹ ਸ਼ਖਸ, ਖੁਦ ਨੂੰ ਨਹੀਂ ਕਹਾਉਂਦਾ ‘ਗਊ ਰਕਸ਼ਕ’

ਸੰਗਰੂਰ (ਵੈੱਬ ਡੈਸਕ) : ਸੰਗਰੂਰ ਸ਼ਹਿਰ ਵਿਚ ਸੁਨਾਮ ਰੋਡ ’ਤੇ ਇੱਟਾਂ ਦਾ ਭੱਠਾ ਚਲਾ ਰਹੇ ਫਤਿਹ ਪ੍ਰਭਾਕਰ ਪਿਛਲੇ 4 ਸਾਲਾਂ ਤੋਂ ਉਨ੍ਹਾਂ ਬਿਮਾਰ ਤੇ ਜ਼ਖਮੀ ਗਊਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਛੱਡ ਦਿੱਤਾ ਸੀ। ਪ੍ਰਭਾਕਰ ਦਾ ਕਹਿਣਾ ਹੈ ਕਿ ਉਹ ਮਨੁੱਖਤਾ ਵਿਚ ਵਿਸ਼ਵਾਸ਼ ਰੱਖਦੇ ਹਨ ਤੇ ਗਊਆਂ ਦੇ ਨਾਂ ’ਤੇ ਰਾਜਨੀਤੀ ਪਸੰਦ ਨਹੀਂ ਕਰਦੇ। ਇਸ ਲਈ ਉਹ ਖੁਦ ਨੂੰ ਗਊ ਰਕਸ਼ਕ ਨਹੀਂ ਕਹਿੰਦੇ।

ਉਨ੍ਹਾਂ ਦੱਸਿਆ ਕਿ 4 ਸਾਲ ਪਹਿਲਾਂ ਇਕ ਜ਼ਖਮੀ ਗਾਂ ਉਨ੍ਹਾਂ ਦੇ ਇਲਾਕੇ ਵਿਚ ਆਈ ਸੀ। ਉਸ ਦੀ ਪਿੱਠ ’ਤੇ ਸੱਟ ਲੱਗਣ ਕਾਰਨ ਉਹ ਚੱਲਣ ਵਿਚ ਅਸਮਰਥ ਸੀ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਹੀ ਖੜ੍ਹੀ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਇਲਾਜ ਕਰਵਾਇਆ ਪਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਬਾਅਦ ਵਿਚ ਉਸ ਨੇ ਇਕ ਵੱਛੇ ਨੂੰ ਜਨਮ ਦਿੱਤਾ ਜੋ ਦੇਖ ਨਹੀਂ ਸਕਦਾ ਸੀ। ਪ੍ਰਭਾਕਰ ਨੇ ਫਿਰ ਆਪਣੇ ਪਸ਼ੂਆਂ ਸਮੇਤ ਦੋਵਾਂ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਸਾਲ ਇਕ ਹੋਰ ਅਪਾਹਜ ਗਾਂ ਉਨ੍ਹਾਂ ਦੇ ਇਲਾਕੇ ਵਿਚ ਆਈ ਉਨ੍ਹਾਂ ਨੇ ਉਸ ਨੂੰ ਵੀ ਗੋਦ ਲੈ ਲਿਆ। ਹੁਣ ਉਨ੍ਹਾਂ ਕੋਲ 4 ਗੋਦ ਲਈਆਂ ਗਾਵਾਂ ਹਨ, ਜਿਨ੍ਹਾਂ ਵਿਚੋਂ 2 ਅਪਾਹਜ ਅਤੇ ਇਕ ਦੇਖਣ ਵਿਚ ਅਸਮਰਥ ਹੈ।

ਪ੍ਰਭਾਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਗਾਂ ਨੂੰ ਗੋਦ ਲੈਣ ਵਾਲੇ ਅਜਿਹੇ ‘ਗਊ ਰਕਸ਼ਕ’ ਨਹੀਂ ਮਿਲੇ ਜੋ ਆਪਣੀ ਜਗ੍ਹਾ ’ਤੇ ਉਸ ਨੂੰ ਰੱਖ ਕੇ ਸੇਵਾ ਕਰਦੇ ਹੋਣ। ਉਨ੍ਹਾਂ ਕਿਹਾ ਕਿ ਉਹ ਮਨੁੱਖਤਾ ਦੇ ਆਧਾਰ ’ਤੇ ਬਿਮਾਰ ਤੇ ਜ਼ਖਮੀ ਗਊਆਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੋਕਾਂ ਖਿਲਾਫ ਹਨ ਜੋ ਗਊਆਂ ਨੂੰ ਦੁੱਧ ਦੇਣ ਤੱਕ ਇਸਤੇਮਾਲ ਕਰਦੇ ਹਨ ਅਤੇ ਬਾਅਦ ਵਿਚ ਛੱਡ ਦਿੰਦੇ ਹਨ।


author

cherry

Content Editor

Related News