ਅਮਨ ਅਰੋੜਾ ਦੇ ਰੂਪ ’ਚ ਜ਼ਿਲ੍ਹਾ ਸੰਗਰੂਰ ਨੂੰ ਮਿਲਿਆ ਤੀਸਰਾ ਕੈਬਨਿਟ ਮੰਤਰੀ

Wednesday, Jul 06, 2022 - 10:45 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : 48 ਸਾਲਾ ਨੌਜਵਾਨ ਵਿਧਾਇਕ ਅਮਨ ਅਰੋੜਾ ਦੇ ਰੂਪ ’ਚ ਜ਼ਿਲ੍ਹਾ ਸੰਗਰੂਰ ਨੂੰ ਤੀਸਰਾ ਕੈਬਨਿਟ ਮੰਤਰੀ ਮਿਲ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਖੇਤਰ ਧੂਰੀ ਤੋਂ ਜਿੱਤੇ ਸਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਧਾਨ ਸਭਾ ਹਲਕਾ ਦਿੜ੍ਹਬਾ ਵੀ ਜ਼ਿਲ੍ਹਾ ਸੰਗਰੂਰ ’ਚ ਹੀ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸੁਨਾਮ ਤੋਂ ਦੋ ਵਾਰ ਵਿਧਾਇਕ ਰਹੇ ਅਮਨ ਅਰੋੜਾ ਨੇ ਕਾਂਗਰਸ ਉਮੀਦਵਾਰ ਜਸਵਿੰਦਰ ਧੀਮਾਨ ਨੂੰ ਹਰਾ ਕੇ ਵਿਧਾਨ ਸਭਾ ਚੋਣ ’ਚ ਸਭ ਤੋਂ ਜ਼ਿਆਦਾ 75,277 ਵੋਟਾਂ ਦਾ ਅੰਤਰ ਦਰਜ ਕੀਤਾ ਸੀ । ਮੰਤਰੀ ਅਹੁਦੇ ਦੇ ਲਈ ਉਨ੍ਹਾਂ ਦੇ ਨਾਂ ਦਾ ਅੰਦਾਜਾ ਮਾਰਚ ’ਚ ਹੀ ਲਗਾਇਆ ਗਿਆ ਸੀ। ਜਦੋਂ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 10 ਮੰਤਰੀਆਂ ਨੂੰ ਸ਼ਾਮਲ ਕੀਤਾ ਸੀ ਪਰ ਉਹ ਉਸ ਸਮੇਂ ਸੀਟ ਨੂੰ ਸੁਰੱਖਿਅਤ ਨਹੀਂ ਕਰ ਸਕੇ।

ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ 'ਸਾਧੂ ਸਿੰਘ ਧਰਮਸੌਤ' ਦੀਆਂ ਵਧੀਆਂ ਮੁਸ਼ਕਲਾਂ, ਹੁਣ ਸਾਹਮਣੇ ਆਇਆ ਇਹ ਮਾਮਲਾ

ਅਰੋੜਾ 2016 ’ਚ ‘ਆਪ’ ’ਚ ਸ਼ਾਮਲ ਹੋਏ ਸਨ । ਉਹ ਪੰਜਾਬ ਦੇ ਸਾਬਕਾ ਮੰਤਰੀ ਭਗਵਾਨ ਦਾਸ ਅਰੋੜਾ ਦੇ ਪੁੱਤਰ ਹਨ, ਜਿਨ੍ਹਾਂ ਦੀ 2000 ’ਚ ਮੌਤ ਗਈ ਸੀ | ਅਮਨ ਅਰੋੜਾ ਨੇ 2017 ਦੀ ਵਿਧਾਨ ਸਭਾ ਚੋਣ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ । ਵਿਰੋਧੀ ਧਿਰ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ । ਅਮਨ ਅਰੋੜਾ ਲੰਮੇ ਸਮੇਂ ਤੱਕ ਕਾਂਗਰਸ ਨਾਲ ਜੁੜੇ ਰਹੇ। ਆਪਣੇ ਪਿਤਾ ਸਵ. ਬਾਬੂ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਦਿੱਗਜ਼ ਆਗੂਆਂ ’ਚ ਸ਼ੁਮਾਰ ਸਨ ਅਤੇ ਕਾਂਗਰਸ ਸਰਕਾਰ ’ਚ ਮੰਤਰੀ ਰਹੇ ਸਨ। 1992 ਅਤੇ 1997 ਦੇ ਵਿਧਾਨ ਸਭਾ ਚੋਣ ’ਚ ਜਿੱਤ ਦਰਜ ਕਰ ਕੇ ਬਾਬੂ ਭਗਵਾਨ ਦਾਸ ਅਰੋੜਾ ਨੇ ਸਿਆਸਤ ’ਚ ਆਪਣੀ ਧਾਕ ਜਮਾਈ ਸੀ ਪਰ ਸਾਲ 2000 ਵਿਚ ਉਨ੍ਹਾਂ ਦੀ ਅਚਾਨਕ ਮੌਤ ਹੋਣ ਮਗਰੋਂ ਅਮਨ ਅਰੋੜਾ ਨੇ ਸਿਆਸੀ ਗਤੀਵਿਧੀਆਂ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕੀ। ਕਾਂਗਰਸ ਦੇ ਉਮੀਦਵਾਰ ਦੇ ਰੂਪ ’ਚ ਅਮਨ ਅਰੋੜਾ ਨੇ 2007 ਅਤੇ 2012 ਦੀ ਵਿਧਾਨ ਸਭਾ ਚੋਣ ਲੜੀ ਪਰ ਉਹ ਚੋਣ ਜਿੱਤ ਨਹੀਂ ਸਕੇ।

ਇਹ ਵੀ ਪੜ੍ਹੋ- SGPC ਦੀ ਚੋਣ 'ਚ ਦੇਰੀ ਸਮੇਤ ਸੰਸਦ 'ਚ ਚੁੱਕੇ ਜਾਣਗੇ ਕਈ ਅਹਿਮ ਮਾਮਲੇ : ਸਿਮਰਨਜੀਤ ਸਿੰਘ ਮਾਨ

2022 ਵਿਧਾਨ ਸਭਾ ਚੋਣ ’ਚ ਪੰਜਾਬ ਵਿਚ ਸਭ ਤੋਂ ਜ਼ਿਆਦਾ ਫਰਕ ਨਾਲ ਜਿੱਤ ਦਰਜ ਕਰਵਾਈ । ਵਿਧਾਨ ਸਭਾਂ ਦੇ ਸੈਸ਼ਨ ’ਚ ਵੀ ਉਨ੍ਹਾਂ ਨੇ ਵਿਰੋਧੀਆਂ ਤੇ ਜੰਮਕੇ ਨਿਸ਼ਾਨੇ ਸਾਧੇ । ਪੰਜਾਬ ’ਚ ‘ਆਪ’ ਦੀ ਇਕਤਰਫਾ ਜਿੱਤ ਮਗਰੋਂ ਅਟਕਲਾਂ ਲਗਾਈਆਂ ਜਾ ਰਹੀ ਸਨ ਕਿ ਅਮਨ ਅਰੋੜਾ ਦਾ ਮੰਤਰੀ ਬਣਨਾ ਤੈਅ ਹੈ ਪਰ ਪਹਿਲਾਂ ਉਨ੍ਹਾਂ ਨੂੰ ਕੈਬਨਿਟ ’ਚ ਸ਼ਾਮਲ ਨਹੀਂ ਕੀਤਾ ਗਿਆ। ਅਮਨ ਅਰੋੜਾ ਦੇ ਮੰਤਰੀ ਬਣਨ ਨਾਲ ਇਨ੍ਹਾਂ ਦੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ ਅਤੇ ਸੰਗਰੂਰ ਦੀ ਜਨਤਾ ਉਮੀਦ ਕਰ ਰਹੀ ਹੈ ਕਿ ਕੈਬਨਿਟ ਮੰਤਰੀ ਅਰੋੜਾ ਇਲਾਕਾ ਦਾ ਪੱਛੜਿਆਪਣ ਦੂਰ ਕਰਨਗੇ। ਨਵ-ਨਿਯੁਕਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੀਆਂ ਪ੍ਰਾਥਮਿਕਤਾਵਾਂ ਪਹਿਲਾਂ ਹੀ ਤੈਅ ਕਰ ਲਈਆਂ ਹਨ ਅਤੇ ਉਹ ਭਗਵੰਤ ਮਾਨ ਨੂੰ ਪੰਜਾਬ ਦੇ ਗੈਂਗਸਟਰਾਂ ਦਾ ਸਫਾਇਆ ਕਰਨ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਚ ਮਦਦ ਕਰੇਗਾ |

ਅਮਨ ਅਰੋੜਾ ਨੂੰ ਕੈਬਨਿਟ ਮੰਤਰੀ ਬਣਨ ’ਤੇ ਜ਼ਿਲ੍ਹਾ ਇੰਡਸਟਰੀਜ ਚੈਂਬਰ ਦੇ ਚੇਅਰਮੈਨ ਡਾ. ਏ. ਆਰ. ਸ਼ਰਮਾ, ਸਾਬਕਾ ਪ੍ਰਧਾਨ ਘਣਸ਼ਿਆਮ ਕਾਂਸਲ, ਰਵੀ ਕਮਲ ਗੋਇਲ, ਵਿਕ੍ਰਮ ਗਰਗ, ਕਮਲ ਗਰਗ, ਜਤਿੰਦਰ ਜੈਨ, ਸਾਬਕਾ ਐਸ ਪੀ ਰੁਪਿੰਦਰ ਭਾਰਦਵਾਜ ਆਦਿ ਨੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਅਮਨ ਅਰੋੜਾ ਜੀ ਦੀ ਅਗਵਾਈ ’ਚ ਸੁਨਾਮ ਅਤੇ ਸਮੂਹ ਪੰਜਾਬ ਨਵੀਆਂ ਬੁਲੰਦੀਆਂ ’ਤੇ ਪਹੁੰਚੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News