ਜ਼ਿੰਦਗੀ ਲਈ ਜਦੋ-ਜਹਿਦ ਕਰ ਰਿਹੈ ਬੋਰਵੈੱਲ ''ਚ ਡਿੱਗਾ ਫਤਿਹ (ਵੀਡੀਓ)

06/08/2019 6:48:49 PM

ਸੁਨਾਮ ਊਧਮ ਸਿੰਘ ਵਾਲਾ (ਮੰਗਲਾ, ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ 2 ਸਾਲਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਲਈ ਜਦੋ-ਜਹਿਦ ਕਰ ਰਿਹਾ ਹੈ। 2 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਬਚਾਅ ਟੀਮ ਵੱਲੋਂ 84 ਤੋਂ 86 ਫੁੱਟ ਤੱਕ ਖੱਡਾ ਖੋਦਿਆ ਜਾ ਚੁੱਕਾ ਹੈ ਅਤੇ ਫਤਿਹਵੀਰ 110 ਫੁੱਟ 'ਤੇ ਫਸਿਆ ਹੋਇਆ ਹੈ।

ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਫਤਿਹਵੀਰ ਬੋਰਵੈੱਲ ਵਿਚ ਡਿੱਗਣ ਲੱਗਾ ਸੀ ਤਾਂ ਉਨ੍ਹਾਂ ਨੇ ਉਸ ਨੂੰ ਫੜਨ ਦੀ ਕੌਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਈ।  ਉਸ ਦੀ ਸਥਿਤੀ ਨੂੰ ਕੈਮਰਿਆਂ ਰਾਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ। ਇਲਾਕੇ ਦਾ ਹਰੇਕ ਵਿਅਕਤੀ ਬੱਚੇ ਦੀ ਜ਼ਿੰਦਗੀ ਲਈ ਦੁਆ ਕਰ ਰਿਹਾ ਹੈ ਅਤੇ ਪੂਰਾ ਸਹਿਯੋਗ ਦੇ ਰਿਹਾ ਹੈ ਅਤੇ ਅੱਜ ਦੁਪਹਿਰ ਤੱਕ ਬੱਚੇ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

ਬੋਰਵੈੱਲ 'ਚ ਬੱਚਾ ਸੁਰੱਖਿਅਤ
ਸੰਗਰੂਰ ਦੇ ਸਿਵਲ ਸਰਜਨ ਮਨਜੀਤ ਸਿੰਘ ਨੇ ਦੱਸਿਆ ਕਿ ਬੋਰਵੈੱਲ ਵਿਚ ਡਿੱਗੇ ਬੱਚੇ ਨੂੰ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਨਾਲ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਪੂਰੀ ਤੇਜ਼ੀ ਨਾਲ ਜਾਰੀ ਹੈ। ਜਦ ਵੀ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ ਤਾਂ ਬੱਚੇ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ।ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ , ਸੰਗਰੂਰ ਦੇ ਇਕ ਨਿੱਜੀ ਹਸਪਤਾਲ ਦੇ ਇਲਾਵਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਬੱਚੇ ਦਾ ਇਲਾਜ ਕਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ।

ਸ਼ਾਹ ਸਤਨਾਮ ਗਰੀਨ ਆਰਮੀ ਦੇ 250 ਤੋਂਵੱਧ ਪ੍ਰੇਮੀਆਂ ਨੇ ਸੰਭਾਲਿਆ ਮੋਰਚਾ
ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨ.ਡੀ.ਆਰ.ਐੱਫ. ਦੇ 26 ਜਵਾਨ ਵੀਰਵਾਰ ਸ਼ਾਮ ਤੋਂ ਪੂਰੀ ਮੁਸ਼ਕਤ ਕਰ ਰਹੇ ਹਨ ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਨਾਲ ਸਬੰਧਤ ਸ਼ਾਹ ਸਤਨਾਮ ਗਰੀਨ ਆਰਮੀ 250 ਤੋਂ ਵੱਧ ਪ੍ਰੇਮੀਆਂਨੇ ਵੀ ਮੌਕੇ 'ਤੇ ਪਹੁੰਚ ਕੇ ਮੋਰਚਿਆ ਸੰਭਾਲ ਲਿਆ ਹੈ।


cherry

Content Editor

Related News