ਭਗਵੰਤ ਮਾਨ ਦੀ ਕੈਪਟਨ ਨੂੰ ਲਲਕਾਰ- 'ਦਮ ਹੈ ਤਾਂ ਮੈਨੂੰ ਖਰੀਦ ਕੇ ਦਿਖਾਓ' (ਵੀਡੀਓ)
Sunday, May 05, 2019 - 04:48 PM (IST)
ਸੰਗਰੂਰ (ਰਾਜੇਸ਼ ਕੋਹਲੀ,ਸਿੰਗਲਾ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਹੁੰਦੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ, ਇਸ ਕਰਕੇ ਲੋਕ ਪਿੰਡਾਂ 'ਚ ਕਾਂਗਰਸ ਦੇ ਲੋਕ ਸਭਾ ਹਲਕਾ ਦੇ ਉਮੀਦਵਾਰਾਂ ਨੂੰ ਸਵਾਲ ਪੁੱਛਣ ਲੱਗੇ ਹਨ। ਇਸ ਕਰਕੇ ਤੁਸੀਂ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਰੋੜਾਂ ਦੇ ਲਾਲਚ ਦੇ ਰਹੇ ਹੋ ਅਤੇ ਇਹ ਸਾਬਤ ਕਰਨਾ ਚਾਹੁੰਦੇ ਹੋ ਕੇ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੋ ਗਈ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਟੁੱਟਣ ਦਾ ਕੋਈ ਖਤਰਾ ਨਹੀਂ ਤਾਂ ਫਿਰ ਉਹ 'ਆਪ' ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?
ਉਨ੍ਹਾਂ ਕਿਹਾ ਕਿ ਜਦੋਂ 'ਆਪ' ਦੇ ਵਿਧਾਇਕ ਮਾਨਸ਼ਾਹੀਆਂ ਨੂੰ ਕਾਂਗਰਸ 'ਚ ਸ਼ਾਮਲ ਕੀਤਾ ਸੀ ਤਾਂ ਉਸ ਸਮੇਂ ਵੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਘਟੀਆ ਸਿਆਸਤ ਕਰਨ ਬਾਰੇ ਸਵਾਲ ਕੀਤਾ ਸੀ ਤਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਮਾਨ ਦਾ ਇਹ ਬਿਆਨ ਬਕਵਾਸ ਹੈ, ਮੈਂ ਇਸ ਨੂੰ ਕੂੜੇਦਾਨ 'ਚ ਸੁੱਟਦਾ ਹਾਂ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਪੰਜਾਬ ਸਰਕਾਰ ਨੂੰ ਕਿਹੜਾ ਖਤਰਾ ਖੜ੍ਹਾ ਹੋ ਗਿਆ ਕਿ ਉਹ 'ਆਪ' ਦੇ ਵਿਧਾਇਕਾਂ ਨੂੰ ਕਾਂਗਰਸ 'ਚ ਸ਼ਾਮਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆਂ ਨੂੰ ਤਾਂ ਤੁਸੀਂ ਸ਼ਾਮਲ ਕਰ ਲਿਆ ਹੈ ਜੇਕਰ ਹਿੰਮਤ ਹੈ ਤਾਂ ਭਗਵੰਤ ਮਾਨ ਦਾ ਮੁੱਲ ਪਾ ਕੇ ਦਿਖਾਓ ਕਿਉਂਕਿ ਕੀਮਤ ਉਸ ਮਾਲ ਦੀ ਲੱਗਦੀ ਹੈ ਜੋ ਮੰਡੀ 'ਚ ਹੋਵੇ।
ਮਾਨ ਨੇ ਕਿਹਾ ਕਿ ਕੈਪਟਨ ਸਾਹਿਬ ਤੁਸੀਂ ਪੰਜਾਬ ਦੀ ਚਿੰਤਾ ਕਰ ਲਓ, 'ਆਪ' ਨੂੰ ਤੋੜਨ ਦੀ ਨਹੀਂ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਵਿਚ ਬੈਠੇ ਹੋਣ ਦਾ ਡਰ ਸਤਾਅ ਰਿਹਾ ਹੈ, ਇਸ ਲਈ ਉਹ ਅਕਾਲੀ ਦਲ ਨੂੰ ਵਿਰੋਧੀ ਧਿਰ ਵਿਚ ਦੇਖਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਕ ਪਾਸੇ ਕੈਪਟਨ 'ਆਪ' ਦੇ ਵਿਧਾਇਕਾਂ ਨੂੰ ਤੋੜ ਰਿਹਾ ਹੈ ਤੇ ਦੂਜੇ ਪਾਸੇ ਨਰਿੰਦਰ ਮੋਦੀ ਐੱਮ. ਪੀ. ਖਰੀਦਣ ਦੀਆਂ ਗੱਲਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਡੈਮੋਕਰੇਸੀ ਦਾ ਮਜ਼ਾਕ ਬਣਾ ਰੱਖਿਆ ਹੈ। ਇਹ ਸਭ ਕੁਝ ਕਰਨ ਲਈ ਪੈਸਾ ਕਿੱਥੋ ਆ ਰਿਹਾ ਹੈ, ਇਹ ਇਕ ਵੱਡਾ ਸਵਾਲ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਤੁਸੀਂ ਝੂਠ ਬੋਲ ਕੇ ਸੱਤਾ ਪ੍ਰਾਪਤ ਕੀਤੀ ਹੈ। ਪੰਜਾਬ ਅੰਦਰ ਆਮ ਲੋਕਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਠੰਡੀ ਹੋ ਰਹੀ ਹੈ। ਕਿਸੇ ਦਾ ਕਰਜ਼ਾ ਮੁਆਫ ਨਹੀਂ ਹੋਇਆ, ਰੋਜ਼ਗਾਰ ਨਹੀਂ ਮਿਲਿਆ, ਸਮਾਰਟ ਫੋਨ ਦਾ ਲਾਰਾ ਨੌਜਵਾਨਾਂ ਨੂੰ ਸੁਪਨਾ ਲੱਗਣ ਲੱਗ ਗਿਆ, ਬੇਰੋਜ਼ਗਾਰੀ ਅਮਰਵੇਲ ਵਾਂਗ ਵਧ ਰਹੀ ਹੈ, ਲੋੜਵੰਦਾਂ ਦੀਆਂ ਪੈਨਸ਼ਨਾਂ ਅਤੇ ਟਰੱਕ ਯੂਨੀਅਨਾਂ ਨੂੰ ਭੰਗ ਕਰ ਕੇ ਲੱਖਾਂ ਘਰਾਂ ਦੇ ਚੁੱਲ੍ਹਿਆਂ ਵਿਚ ਪਾਣੀ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਗਵੰਤ ਮਾਨ ਨੂੰ ਹਰਾਉਣ ਲਈ ਮੁੜ ਲੋਕ ਸਭਾ ਹਲਕਾ ਸੰਗਰੂਰ 'ਚ ਆਉਣ ਦੀ ਗੱਲ ਕਰਦਾ ਹੈ, ਕੈਪਟਨ ਸਾਹਿਬ ਤੁਸੀਂ ਸੋਨੀਆ ਗਾਂਧੀ ਨੂੰ ਵੀ ਨਾਲ ਲਿਆਓ ਕਿਉਂਕਿ ਤੁਸੀਂ ਭਗਵੰਤ ਮਾਨ ਨੂੰ ਹਰਾਉਣ ਨਹੀਂ ਸਗੋਂ ਲੋਕ ਸਭਾ 'ਚ ਪੰਜਾਬ ਦੇ ਹੱਕਾਂ ਲਈ ਗੂੰਜਦੀ ਲੱਖਾਂ ਲੋਕਾਂ ਦੀ ਆਵਾਜ਼ ਨੂੰ ਹਰਾਉਣ ਦੀ ਗੱਲ ਕਰ ਰਹੇ ਹੋ।