ਨਸ਼ੇ 'ਚ ਟੱਲੀ ਹੋਏ ਐਂਬੂਲੈਂਸ ਡਰਾਈਵਰ ਨੇ ਕੁੱਟ ਸੁੱਟੇ ਟੋਲ ਮੁਲਾਜ਼ਮ (ਵੀਡੀਓ)

Thursday, Sep 27, 2018 - 04:33 PM (IST)

ਭਵਾਨੀਗੜ੍ਹ (ਵਿਕਾਸ, ਅੱਤਰੀ)— ਕਾਲਾਝਾੜ ਟੋਲ ਬੈਰੀਅਰ 'ਤੇ ਬੀਤੀ ਰਾਤ 2  ਐਂਬੂਲੈਂਸ ਚਾਲਕਾਂ ਅਤੇ ਟੋਲ ਮੁਲਾਜ਼ਮਾਂ ਵਿਚਕਾਰ ਹੋਈ ਜ਼ਬਰਦਸਤ ਲੜਾਈ ਦੌਰਾਨ ਟੋਲ ਬੈਰੀਅਰ ਦਾ ਇਕ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਬਾਅਦ 'ਚ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਹਸਪਤਾਲ ਵਿਚ ਜ਼ੇਰੇ ਇਲਾਜ ਟੋਲ ਪਲਾਜ਼ਾ ਦੇ ਮੁਲਾਜ਼ਮ ਦਵਿੰਦਰ ਸਿੰਘ ਨੇ ਘਟਨਾ ਸਬੰਧੀ ਦੱਸਿਆ ਕਿ ਦੇਰ ਰਾਤ ਪਟਿਆਲਾ ਵੱਲੋਂ ਆ ਰਹੀਆਂ 2 ਐਂਬੂਲੈਂਸਾਂ 'ਚੋਂ ਇਕ ਐਂਬੂਲੈਂਸ ਦੇ ਡਰਾਈਵਰ ਨੇ ਆਪਣੀ ਗੱਡੀ ਟੋਲ ਬੈਰੀਅਰ 'ਤੇ ਰੱਖੇ ਇਕ ਬੈਰੀਕੇਟ ਵਿਚ ਲਿਆ ਮਾਰੀ, ਜਦੋਂ ਉਸ ਵੱਲੋਂ ਐਂਬੂਲੈਂਸ ਚਾਲਕ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਲਟਾ ਚਾਲਕ ਨੇ ਉਸ ਨਾਲ ਹੱਥੋ-ਪਾਈ ਸ਼ੁਰੂ ਕਰ ਦਿੱਤੀ।

ਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਝਗੜੇ ਦੌਰਾਨ ਐਂਬੂਲੈਂਸ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਉਸ 'ਤੇ ਐਂਬੂਲੈਂਸ 'ਚ ਪਏ ਸਰਜੀਕਲ ਬਲੇਡ ਨਾਲ ਵੀ ਹਮਲਾ ਕਰਨਾ ਚਾਹਿਆ ਪਰ ਹਮਲੇ ਵਿਚ ਉਹ ਵਾਲ-ਵਾਲ ਬਚ ਗਿਆ ਅਤੇ ਬਾਅਦ 'ਚ ਚਾਲਕ ਨੇ ਉਸ ਦਾ ਹੱਥ ਫੜ ਕੇ ਅੰਗੂਠਾ ਬੁਰੀ ਤਰ੍ਹਾਂ ਚੱਬ ਦਿੱਤਾ। ਇਸੇ ਦੌਰਾਨ ਮੌਕਾ ਦੇਖ ਕੇ ਹਮਲਾਵਰ ਐਂਬੂਲੈਂਸ ਚਾਲਕ ਗੱਡੀ ਸਣੇ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ ਜਦੋਂ ਕਿ ਦੂਜੇ ਐਂਬੂਲੈਂਸ ਚਾਲਕ ਨੂੰ ਟੋਲ ਮੁਲਾਜ਼ਮਾਂ ਦੀ ਸਹਾਇਤਾ ਨਾਲ ਗੱਡੀ ਸਣੇ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਮੌਕੇ ਟੋਲ ਕੰਪਨੀ ਦੇ ਪ੍ਰਬੰਧਕ ਪ੍ਰਮੋਦ ਯਾਦਵ ਨੇ ਦੱਸਿਆ ਕਿ ਦੋਵੇਂ ਐਂਬੂਲੈਂਸ ਗੱਡੀਆਂ ਵਿਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਅਤੇ  ਚਾਲਕ ਸ਼ਰਾਬ ਦੇ ਨਸ਼ੇ ਵਿਚ ਟੱਲੀ ਸਨ। ਟੋਲ ਮੁਲਾਜ਼ਮਾਂ ਤੇ ਪ੍ਰਬੰਧਕਾਂ ਨੇ ਝਗੜੇ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਕਾਲਾਝਾੜ ਚੌਕੀ ਦੇ ਇੰਚਾਰਜ ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਕੱਲ ਰਾਤ ਟੋਲ 'ਤੇ ਲਾਂਘੇ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਝਗੜਾ ਹੋਇਆ। ਐਂਬੂਲੈਂਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਅੱਜ ਦੋਵੇਂ ਧਿਰਾਂ ਨੂੰ ਕਾਰਵਾਈ ਲਈ ਚੌਕੀ ਬੁਲਾਇਆ ਗਿਆ ਹੈ। ਓਧਰ, ਦੂਜੇ ਪਾਸੇ ਜ਼ਖਮੀ ਟੋਲ ਮੁਲਾਜ਼ਮ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


Related News