ਭਗਵੰਤ ਮਾਨ 'ਤੇ ਡਾ. ਅਮਨਦੀਪ ਗੌਸਲ ਦਾ ਵੱਡਾ ਹਮਲਾ (ਵੀਡੀਓ)

04/13/2019 4:42:35 PM

ਸੰਗਰੂਰ—ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀ ਡਾ. ਅਮਨਦੀਪ ਕੌਰ ਗੋਸਲ ਹੁਣ ਫੇਸਬੁੱਕ 'ਤੇ ਪੂਰੀ ਤਰ੍ਹਾਂ ਸਰਗਰਮ ਹੈ ਤੇ ਭਗਵੰਤ ਮਾਨ ਨੂੰ ਕੋਸਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਤੇ ਲੋਕਾਂ ਨੂੰ ਭਗਵੰਤ ਮਾਨ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸੂਬਾ ਜਨਰਲ ਸਕੱਤਰ ਰਹੀ ਡਾ. ਅਮਨਦੀਪ ਕੌਰ ਗੋਸਲ ਆਪਣੇ ਪਿਛਲੇ ਰਾਜਨੀਤਕ ਕੈਰੀਅਰ ਦੇ ਦੌਰਾਨ ਵੀ ਫੇਸਬੁੱਕ 'ਤੇ ਸਰਗਰਮ ਰਹਿੰਦੀ ਸੀ। ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਲੈ ਕੇ ਪਾਰਟੀ ਦੀ ਸੋਚ ਨੂੰ ਲੋਕਾਂ ਨਾਲ ਸਾਂਝਾ ਕਰਦੀ ਸੀ ਪਰ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ 'ਚੋਂ ਅਸਤੀਫਾ ਨਹੀਂ ਦਿੱਤਾ ਬਲਕਿ ਮੁੱਢਲੀ ਮੈਂਬਰਸ਼ਿਪ ਤੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਪਾਰਟੀ 'ਚ ਦਮ ਘੁੱਟਦਾ ਹੈ।

ਉਨ੍ਹਾਂ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਲਿਖਿਆ ਹੈ ਕਿ ਭਗਵੰਤ ਮਾਨ ਜਵਾਬ ਦੇਣ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਕਿੱਥੇ ਸਨ? ਹੁਣ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿਚ ਜਾ ਕੇ ਭੋਲੇ -ਭਾਲੇ ਲੋਕਾਂ ਨੂੰ ਬੇਵਕੂਫ਼ ਨਾ ਬਣਾਉਣ। ਐੱਨ.ਆਰ.ਆਈ. ਫੰਡ ਤੇ ਐੱਮ.ਪੀ. ਫੰਡ ਨੂੰ ਲੈ ਕੇ ਵੀ ਉਨ੍ਹਾਂ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਫੇਸਬੁੱਕ 'ਤੇ ਅਗਲੀ ਪੋਸਟ ਵਿਚ ਸਿੱਧੇ ਤੌਰ 'ਤੇ ਭਗਵੰਤ ਮਾਨ ਤੋਂ 102 ਕਰੋੜ ਐੱਨ.ਆਰ.ਆਈ. ਫੰਡ ਦਾ ਹਿਸਾਬ ਮੰਗਣ ਦੀ ਪੰਜਾਬੀਆਂ ਤੋਂ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਦੇ ਐੱਮ.ਪੀ ਫੰਡ ਦੀ ਉਨ੍ਹਾਂ ਦੇ ਪੀ.ਏ ਸਮੇਤ ਹੋਰਨਾਂ ਨੇ ਦੁਰਵਰਤੋਂ ਕੀਤੀ ਹੈ।


Shyna

Content Editor

Related News