ਜਲਿਆਂਵਾਲਾ ਬਾਗ ਸ਼ਤਾਬਦੀ ਮੁਹਿੰਮ ਦਾ ਪੋਸਟਰ ਜਾਰੀ
Saturday, Mar 23, 2019 - 03:58 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਮੁਹਿੰਮ ਕਮੇਟੀ, ਪੰਜਾਬ ਵੱਲੋਂ 13 ਅਪ੍ਰੈਲ ਅੰਮ੍ਰਿਤਸਰ ਪੁੱਜਣ ਦਾ ਸਦਾ ਦਿੰਦਾ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਕੋਨੇ-ਕੋਨੇ ਵਿਚ ਲਾਇਆ ਜਾਣ ਵਾਲਾ ਰੰਗਦਾਰ ਵੱਡ ਅਕਾਰੀ ਪੋਸਟਰ ਜਾਰੀ ਕੀਤਾ ਗਿਆ। ਇਸ ਸਮੇਂ ਸ਼ਤਾਬਦੀ ਕਮੇਟੀ ਮੈਂਬਰਾਂ ਅਮੋਲਕ ਸਿੰਘ, ਗੁਰਮੀਤ ਸੁਖਪੁਰ, ਲਛਮਣ ਸੇਵੇਵਾਲਾ, ਪ੍ਰਿਤਪਾਲ ਬਠਿੰਡਾ ਅਤੇ ਰਜਿੰਦਰ ਭਦੌਡ਼ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੀ ਲਟ-ਲਟ ਕਰ ਕੇ ਬਲ ਰਹੀ ਸੂਹੀ ਚਿਣਗ ਨੂੰ ਡੱਕਣ ਦੇ ਮਨਸੂਬੇ ਪਾਲਦਿਆਂ ਬਰਤਾਨਵੀ ਹਕੂਮਤ ਨੇ ‘‘ਰੋਲਟ ਐਕਟ’’ ਵਰਗੇ ਕਾਲੇ ਕਾਨੂੰਨ ਪਾਸ ਕੀਤੇ ਸਨ। ਇਨ੍ਹਾਂ ਕਾਲੇ ਕਾਨੂੰਨਾਂ ਦਾ ਬਹੁਤ ਸਾਰੀਆਂ ਥਾਵਾਂ ’ਤੇ ਤਿੱਖਾ ਵਿਰੋਧ ਹੋਇਆ ਸੀ। ਅੰਮ੍ਰਿਤਸਰ ਵਿਖੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਰੋਲਟ ਐਕਟ ਦਾ ਵਿਰੋਧ ਕਰਨ ਵਾਲੇ ਨਿਹੱਥੇ ਭਾਰਤੀ ਲੋਕਾਂ ਨੂੰ ਸਾਮਰਾਜੀ ਬਰਤਾਨਵੀ ਹਾਕਮਾਂ ਨੇ ਨੀਤੀ ਤਹਿਤ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਅੱਜ ਵੀ 1947 ਦੀ ਸੱਤਾ ਬਦਲੀ ਤੋਂ ਬਾਅਦ ਕਾਲੇ ਹਾਕਮਾਂ ਦੀ ਕਿਰਤੀ—ਕਿਸਾਨਾਂ ਸਮੇਤ ਮਿਹਨਤਕਸ਼ ਤਬਕਿਆਂ ਨੂੰ ਲੁੱਟਣ ਅਤੇ ਕੁੱਟਣ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ ਆਈ ਸਗੋਂ ਇਕ ਰੋਲਟ ਐਕਟ ਦੀ ਥਾਂ ਯੂ. ਏ. ਪੀ. ਏ., ਅਫਸਪਾ, ਟਾਂਡਾ, ਪੋਟਾ, ਧਾਰਾ 295—ਏ ਵਰਗੇ ਅਨੇਕਾਂ ਕਾਲੇ ਕਾਨੂੰਨਾਂ ਰਾਹੀਂ ਹੱਕੀ ਸੰਗਰਾਮਾਂ ਦੇ ਗਲ ਅੰਗੂਠਾ ਦਿੱਤਾ ਜਾ ਰਿਹਾ ਹੈ। ਇਸ ਲਈ ਅਜੋਕੀ ਹਾਲਤ ’ਚ ਸਭਨਾਂ ਧਰਮਾਂ-ਫਿਰਕਿਆਂ ਦੀ ਸਾਂਝ ਵਾਲਾ ਕਿਰਤੀ-ਕਿਸਾਨਾਂ ਏਕਾ ਮਜ਼ਬੂਤ ਕਰਦੇ ਹੋਏ। ਕੌਮੀ ਸ਼ਹੀਦਾਂ ਦੇ ਇਨਕਲਾਬ-ਜ਼ਿੰਦਾਬਾਦ ਅਤੇ ਸਾਮਰਾਜ-ਮੁਰਦਾਬਦ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਸਾਮਰਾਜ ਅਤੇ ਉਸ ਦੇ ਦਲਾਲ ਭਾਰਤੀ ਹਾਕਮਾਂ ਖਿਲ਼ਾਫ ਜੰਗ ਤੇਜ਼ ਕਰਨ ਦਾ ਐਲਾਨ ਕਰਦੇ ਹੋਏ 13 ਅਪ੍ਰੈਲ 2019 ਜਲਿਆਂਵਾਲਾ ਬਾਗ ਦੀ ਧਰਤੀ ਅੰਮ੍ਰਿਤਸਰ ਵੱਲ ਹਜ਼ਾਰਾਂ ਦੀ ਤਾਦਾਦ ’ਚ ਕਾਫਲੇ ਬੰਨ੍ਹ ਕੇ ਪੁੱਜਣ ਦਾ ਸੱਦਾ ਦਿੱਤਾ। ਕਮੇਟੀ ਮੈਂਬਰਾਨ ਨੇ ਕਿਹਾ ਕਿ ਪੋਸਟਰ ਅਤੇ ਲੀਫਲੈਟ ਮੁਹਿੰਮ ਪੂਰੇ ਯੋਜਨਾਬੱਧ ਢੰਗ ਨਾਲ ਪੂਰੇ ਪੰਜਾਬ ’ਚ ਸ਼ਤਾਬਦੀ ਮੁਹਿੰਮ ਕਮੇਟੀ ਦੀ ਅਗਵਾਈ ’ਚ ਚਲਾਈ ਜਾਵੇਗੀ। ਇਸ ਸਮੇਂ ਨਾਰਾਇਣ ਦੱਤ, ਡਾ. ਰਜਿੰਦਰਪਾਲ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਬਲਵੰਤ ਉੱਪਲੀ, ਸੁਖਵਿੰਦਰ ਸਿੰਘ, ਮੈਡਮ ਅਮਰਜੀਤ ਕੌਰ, ਪ੍ਰੇਮਪਾਲ ਕੌਰ ਅਤੇ ਹਰਚਰਨ ਚਹਿਲ ਆਦਿ ਵੀ ਹਾਜ਼ਰ ਸਨ।