ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਮੀਟਿੰਗ

Saturday, Mar 23, 2019 - 03:57 AM (IST)

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਮੀਟਿੰਗ
ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-19 ਮਈ ਨੂੰ ਪੰਜਾਬ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਚੌਕਸੀ ਨੂੰ ਵਧਾਉਣ ਅਤੇ ਮਾਡ਼ੇ ਅਨਸਰਾਂ ਨੂੰ ਸਮੁੱਚੇ ਤੌਰ ’ਤੇ ਠੱਲ੍ਹ ਪਾਉਣ ਦੇ ਉਦੇਸ਼ ਨਾਲ ਅੱਜ ਪੰਜਾਬ ਅਤੇ ਹਰਿਆਣਾ ਦੇ 6 ਸਰਹੱਦੀ ਜ਼ਿਲਿਆਂ ਦੇ ਪ੍ਰਸ਼ਾਸਨ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਉਚ ਪੱਧਰੀ ਅੰਤਰਰਾਜੀ ਮੀਟਿੰਗ ਹੋਈ। ਖਨੌਰੀ ਦੇ ਰੈਸਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਅਮਨ-ਸ਼ਾਂਤੀ ਅਤੇ ਸੁਰੱਖਿਅਤ ਮਾਹੌਲ ’ਚ ਨੇਪਰੇ ਚਡ਼੍ਹਾਉਣ ਲਈ ਅਧਿਕਾਰੀਆਂ ਵੱਲੋਂ ਵਿਸਥਾਰ ’ਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਦਰਸ਼ ਚੋੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸੰਗਰੂਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਦੇ ਸੰਗਰੂਰ, ਮਾਨਸਾ ਅਤੇ ਪਟਿਆਲਾ ਜ਼ਿਲਿਆਂ ਤੋਂ ਇਲਾਵਾ ਹਰਿਆਣਾ ਦੇ ਜੀਂਦ, ਕੈਥਲ ਤੇ ਫਤਿਆਬਾਦ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਤੋਂ ਇਲਾਵਾ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਵੀ ਸ਼ਾਮਲ ਹੋਏ ਤਾਂ ਜੋ ਸਮੁੱਚੀ ਕਾਰਵਾਈ ਸਬੰਧੀ ਵਿਆਪਕ ਪੱਧਰ ’ਤੇ ਯੋਜਨਾ ਤਿਆਰ ਕੀਤੀ ਜਾ ਸਕੇ ਅਤੇ ਸਮੇਂ-ਸਮੇਂ ’ਤੇ ਚੋਣ ਕਮਿਸ਼ਨ ਦੀ ਤਰਫੋਂ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਨਸ਼ਿਆਂ ਦੀ ਸਮੱਗਲਿੰਗ ਨੂੰ ਸਖ਼ਤੀ ਨਾਲ ਰੋਕਣ ਅਤੇ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਵਰਤੀ ਜਾਣ ਵਾਲੀ ਨਕਦੀ ਦੀ ਮੁਕੰਮਲ ਰੋਕਥਾਮ ਲਈ ਵੀ ਠੋਸ ਰਣਨੀਤੀ ਬਣਾਈ ਗਈ। ਇਸ ਦੌਰਾਨ ਮਹੱਤਵਪੂਰਨ ਸੂਚਨਾਵਾਂ ਦੇ ਸਮੇਂ ਸਿਰ ਆਦਾਨ ਪ੍ਰਦਾਨ ਦੇ ਨਾਲ-ਨਾਲ ਮੁੱਖ ਅਤੇ ਅੰਦਰੂਨੀ ਸਡ਼ਕਾਂ ’ਤੇ ਨਿਰੰਤਰ ਚੈਕਿੰਗ ਸਬੰਧੀ ਵੀ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਮੀਟਿੰਗ ਦੌਰਾਨ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਤੋਂ ਇਲਾਵਾ ਜ਼ਿਲਾ ਚੋਣ ਅਫ਼ਸਰ ਪਟਿਆਲਾ ਕੁਮਾਰ ਅਮਿਤ, ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ, ਜ਼ਿਲਾ ਚੋਣ ਅਫ਼ਸਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ, ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ, ਡਿਪਟੀ ਕਮਿਸ਼ਨਰ ਜੀਂਦ ਡਾ. ਅਦਿੱਤਿਆ ਦਹੀਆ, ਫ਼ਤਿਆਬਾਦ ਦੇ ਡਿਪਟੀ ਕਮਿਸ਼ਨਰ ਧਿਰੇਂਦਰਾ ਖਡ਼ਗਟਾ ਅਤੇ ਐੱਸ. ਪੀ. ਵਿਜੇ ਪ੍ਰਤਾਪ ਸਿੰਘ ਤੋਂ ਇਲਾਵਾ ਸਹਾਇਕ ਕਮਿਸ਼ਨਰ ਸੰਗਰੂਰ ਅੰਕੁਰ ਮਹਿੰਦਰੂ, ਐੱਸ. ਡੀ. ਐੱਮ. ਮੂਨਕ ਸੂਬਾ ਸਿੰਘ, ਐੱਸ.ਡੀ.ਐੱਮ. ਪਾਤਡ਼ਾਂ ਡਾ. ਪਾਲਿਕਾ ਅਰੋਡ਼ਾ, ਡੀ.ਐੱਸ.ਪੀ. ਮੂਨਕ ਕੁਲਦੀਪ ਸਿੰਘ ਵਿਰਕ, ਡੀ. ਐੱਸ. ਪੀ. ਲਹਿਰਾ ਬੂਟਾ ਸਿੰਘ ਗਿੱਲ, ਡੀ. ਐੱਸ. ਪੀ. ਪਾਤਡ਼ਾਂ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ. ਐੱਸ. ਪੀ. ਜੀਂਦ ਕਪਤਾਨ ਸਿੰਘ, ਈ. ਟੀ. ਓ. ਸੰਗਰੂਰ ਰੁਪਿੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।

Related News