ਔਰਤ ਦਿਵਸ ਨੂੰ ਸਮਰਪਤ ਸੈਮੀਨਾਰ
Sunday, Mar 10, 2019 - 04:11 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਐੱਸ. ਐੱਸ. ਡੀ. ਕਾਲਜ ’ਚ 8 ਮਾਰਚ ਦੇ ਮੱਦੇਨਜ਼ਰ ਔਰਤ ਦਿਵਸ ਨੂੰ ਸਮਰਪਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ’ਚ ਮੁੱਖ ਬੁਲਾਰੇ ਦੇ ਤੌਰ ’ਤੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜੋਕੇ ਸਮੇਂ ਦੀ ਨਾਰੀ ਹੁਣ ਅਬਲਾ ਨਹੀਂ ਰਹੀ। ਉਹ ਆਪਣੇ ਹੱਕਾਂ, ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੀ ਹੈ। ਹੁਣ ਉਹ ਜ਼ੁਲਮ ਦਾ ਟਾਕਰਾ ਕਰਨ ਵਾਲੀ ਦੁਰਗਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਸੇਵਾਵਾਂ ’ਚ 33 ਫੀਸਦੀ ਰਾਖਵਾਂਕਰਨ ਹੀ ਨਹੀਂ ਸਗੋਂ ਔਰਤਾਂ ਨੂੰ ਸਾਰੀਆਂ ਸੇਵਾਵਾਂ ਵਿਚ 50 ਫੀਸਦੀ ਰਾਖਵੇਂਕਰਨ ਲਈ ਲਡ਼ਨਾ ਚਾਹੀਦਾ ਹੈ। ਵਾਈਸ-ਪ੍ਰਿੰਸੀਪਲ ਸ਼੍ਰੀ ਭਾਰਤ ਭੂਸ਼ਣ ਨੇ ਔਰਤ ਸਸ਼ਕਤੀਕਰਨ ਦੀ ਗੱਲ ਕਰਦਿਆਂ ਨਾਰੀ ਨੂੰ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਣ ਲਈ ਪ੍ਰੇਰਿਆ। ਸੈਮੀਨਾਰ ਦੌਰਾਨ ਵੱਖ-ਵੱਖ ਪ੍ਰੋਫੈਸਰ ਸਾਹਿਬਾਨ ਡੀਨ ਕਾਲਜ ਨੀਰਜ ਸ਼ਰਮਾ, ਪ੍ਰੋ. ਜਸਵੰਤ ਕੌਰ, ਸਰਬਜੀਤ ਕੌਰ, ਕਿਰਨਦੀਪ ਕੌਰ, ਨੀਤੂ ਗੁਪਤਾ ਤੇ ਦਲਵੀਰ ਕੌਰ ਨੇ ‘ਨਾਰੀ ਸੰਵੇਦਨਾ’ ਅਤੇ ‘ਨਾਰੀ ਚੇਤਨਾ’ ਜਿਹੇ ਮੁੱਦਿਆਂ ਨੂੰ ਛੂੰਹਦਿਆਂ ਸਮੁੱਚੀ ਨਾਰੀ ਜਾਤੀ ਨੂੰ ਔਰਤ ਦਿਵਸ ਮੌਕੇ ਵਧਾਈ ਦਿੱਤੀ। ਐੱਸ. ਡੀ. ਸਭਾ ਦੇ ਜਨਰਲ ਸਕੱਤਰ ਤੇ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਤੇ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ਼ਿਵ ਸਿੰਗਲਾ ਨੇ ਔਰਤ ਦੀ ਮਹਾਨਤਾ ਨੂੰ ਸਮਝਾਉਂਦਿਆ ਨਾਰੀ ਨੂੰ ਇਕਜੁੱਟ ਹੋ ਕੇ ਅੱਤਿਆਚਾਰ ਦਾ ਟਾਕਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ਕੋਆਰਡੀਨੇਟਰ ਮਨੀਸ਼ੀ ਦੱਤ ਸ਼ਰਮਾ ਤੇ ਰਜਿਸਟਰਾਰ ਪ੍ਰੋ. ਲਾਲ ਸਿੰਘ ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
