ਮਾਮਲਾ ਧੌਲਾ ਦੇ ਛੱਪਡ਼ਾਂ ’ਤੇ ਨਾਜਾਇਜ਼ ਕਬਜ਼ਿਆਂ ਦਾ
Friday, Mar 01, 2019 - 03:55 AM (IST)

ਸੰਗਰੂਰ (ਸ਼ਾਮ)-ਪਿਛਲੇ ਕਈ ਸਾਲਾਂ ਤੋਂ ਜ਼ਿਲਾ ਬਰਨਾਲਾ ਦੇ ਪਿੰਡ ਧੌਲਾ ਦੇ ਛੱਪਡ਼ਾਂ ’ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਸਬੰਧੀ ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਨੇ ਇਕ ਲਿਖਤੀ ਸ਼ਿਕਾਇਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਸੀ। ਇਸ ’ਤੇ ਮੁੱਖ ਮੰਤਰੀ ਪੰਜਾਬ ਨੇ ਵਿੱਤੀ ਕਮਿਸ਼ਨਰ ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਅਗਲੇਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਦੇ ਮੁੱਖ ਬੱਸ ਸਟੈਂਡ ਕੋਲ ਨਿਕਾਸੀ ਪਾਣੀ ਵਾਲੇ ਦੋ ਵੱਡੇ ਪੰਚਾਇਤੀ ਛੱਪਡ਼ ਹਨ, ਜਿਸ ’ਚ ਪਿੰਡ ਦੀ ਅੱਧੀ ਆਬਾਦੀ ਦਾ ਨਿਕਾਸੀ ਪਾਣੀ ਆਉਂਦਾ ਹੈ ਪਰ ਛੱਪਡ਼ ਦੇ ਕਿਨਾਰੇ ਰਹਿੰਦੇ ਕੁਝ ਲੋਕਾਂ ਵੱਲੋਂ ਧਡ਼ਾਧਡ਼ ਨਾਜਾਇਜ਼ ਤੌਰ ’ਤੇ ਕਬਜ਼ੇ ਕੀਤੇ ਜਾ ਰਹੇ ਹਨ, ਜਿਸ ਨੂੰ ਮੀਡੀਆ ਰਾਹੀਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ ਹੈ ਪਰ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਿਵਲ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਮਾਣਯੋਗ ਹਾਈਕੋਰਟ ਨੇ ਵੀ ਸਖ਼ਤ ਨਿਰਦੇਸ਼ ਦਿੱਤੇ ਹਨ ਪਰ ਬਰਨਾਲਾ ਪ੍ਰਸ਼ਾਸਨ ਲਗਾਤਾਰ ਮਾਣਯੋਗ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਚਾਇਤ ਵਿਭਾਗ ਨੂੰ ਪੱਤਰ ਨੰਬਰ 7/50/2017/ਮੁੱ.ਮੰ.ਦ./ਜੀ.ਏ. 3 ਭੇਜ ਕੇ ਅਗਲੇਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।