‘ਸੰਗਰੂਰ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ’

Friday, Mar 01, 2019 - 03:55 AM (IST)

‘ਸੰਗਰੂਰ ਵਾਸੀਆਂ ਨੂੰ ਮਿਲਿਆ ਵੱਡਾ ਤੋਹਫ਼ਾ’
ਸੰਗਰੂਰ (ਵਿਵੇਕ ਸਿੰਧਵਾਨੀ, ਸੰਜੀਵ)-ਹਲਕੇ ਦੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨ ਲਈ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਵੱਲੋਂ ‘ਸੰਗਰੂਰ ਵਿਕਾਸ ਯਾਤਰਾ’ ਦੇ ਬੈਨਰ ਹੇਠ ਕੀਤੀ ਜਾ ਰਹੀ ਪੈਦਲ ਯਾਤਰਾ ਸੰਗਰੂਰ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯਾਤਰਾ ਦੌਰਾਨ ਨਾ ਸਿਰਫ ਕਿਸਾਨਾਂ ਦੀਆਂ ਲੋਡ਼ਾਂ ਦੀ ਪੂਰਤੀ ਹੋ ਰਹੀ ਹੈ ਸਗੋਂ ਇਲਾਕੇ ਦੀਆਂ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਪਹਿਲਕਦਮੀ ਨਾਲ ਨੇਪਰੇ ਚਡ਼੍ਹਾਇਆ ਜਾ ਰਿਹਾ ਹੈ। ਅੱਜ ਦੂਜੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ 12 ਪਿੰਡਾਂ ਦਾ ਦੌਰਾ ਕੀਤਾ। ਵੱਖ-ਵੱਖ ਥਾਈਂ ਆਯੋਜਿਤ ਸਮਾਗਮਾਂ ਦੌਰਾਨ ਗ੍ਰਾਮ ਪੰਚਾਇਤਾਂ ਨੂੰ 64 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਚੈੱਕ ਵਿਕਾਸ ਕਾਰਜਾਂ ਲਈ ਸੌਂਪੇ। ਕੈਬਨਿਟ ਮੰਤਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਭਵਾਨੀਗਡ਼੍ਹ ਅਤੇ ਨਦਾਮਪੁਰ ਡਿਸਟ੍ਰੀਬਿਊਟਰੀ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੇ ਪ੍ਰਾਜੈਕਟ ਨੂੰ ਵੀ ਪ੍ਰਵਾਨ ਕਰ ਲਿਆ ਹੈ ਅਤੇ ਕਰੀਬ 33 ਕਰੋਡ਼ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੀ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਰਹਿੰਦ ਕਨਾਲ ਸਿਸਟਮ ਤੋਂ ਪਾਣੀ ਲੈਣ ਵਾਲੀ ਭਵਾਨੀਗਡ਼੍ਹ ਡਿਸਟ੍ਰੀਬਿਊਟਰੀ ਦੀ ਕੁੱਲ ਲੰਬਾਈ 85.39 ਕਿਲੋਮੀਟਰ ਹੈ। 35 ਸਾਲ ਪਹਿਲਾਂ ਇਸਦੇ ਕਿਨਾਰਿਆਂ ਨੂੰ ਇੱਟਾਂ ਨਾਲ ਪੱਕਾ ਕੀਤਾ ਗਿਆ ਸੀ, ਜਿਸਦੀ ਹੁਣ ਕਾਫ਼ੀ ਮਾਡ਼ੀ ਹਾਲਤ ਸੀ, ਇਸ ਕਾਰਨ ਇਸ ਡਿਸਟ੍ਰੀਬਿਊਟਰੀ ਵਿਚ ਤੈਅ ਹੱਦ 135 ਕਿਊਸਿਕ ਪਾਣੀ ਨਹੀਂ ਆ ਰਿਹਾ ਸੀ ਅਤੇ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਦਾ ਵੱਡੇ ਪੱਧਰ ’ਤੇ ਸਾਹਮਣਾ ਕਰਨਾ ਪੈ ਰਿਹਾ ਸੀ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਦੋ ਮੁੱਖ ਜ਼ਿਲਿਆਂ ਸੰਗਰੂਰ ਅਤੇ ਪਟਿਆਲਾ ਵਿਚ ਪੈਂਦੀ ਭਵਾਨੀਗਡ਼੍ਹ ਡਿਸਟ੍ਰੀਬਿਊਟਰੀ ਸਿਸਟਮ ਵਿਚ ਮੁੱਖ ਡਿਸਟ੍ਰੀਬਿਊਟਰੀ ਤੋਂ ਇਲਾਵਾ 9 ਮਾਈਨਰ ਤੇ ਹੋਰ ਬਰਾਂਚਾਂ ਹਨ। ਇਹ ਨਹਿਰ 25 ਪਿੰਡਾਂ ਦੀ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇੱਟਾਂ ਦੀ ਲਾਈਨਿੰਗ ਕਾਫ਼ੀ ਪੁਰਾਣੀ ਅਤੇ ਖਸਤਾ ਹਾਲਤ ਹੋਣ ਕਾਰਨ ਇਨ੍ਹਾਂ 25 ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਲਈ ਲੋਡ਼ੀਂਦਾ ਪਾਣੀ ਨਹੀਂ ਆ ਰਿਹਾ ਸੀ। ਰਾਜ ਸਰਕਾਰ ਨੇ ਭਵਾਨੀਗਡ਼੍ਹ ਡਿਸਟ੍ਰੀਬਿਊਟਰੀ ਲਈ 21.62 ਕਰੋਡ਼ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਾਜੈਕਟ ਨਾਲ 25 ਪਿੰਡਾਂ ਜਿਨ੍ਹਾਂ ’ਚ ਥੂਹੀ, ਕਲਿਆਣਾ, ਰਾਮਗੜ੍ਹ, ਬਿੰਬਡ਼, ਬਿੰਬਡ਼ੀ, ਹਰਦਿੱਤਪੁਰਾ, ਨੱਕਟੇ, ਮਾਝਾ, ਮਾਝੀ, ਬੱਖੋਪੀਰ, ਬਖਤਡ਼ੀ, ਬਖਤਡ਼ਾ, ਆਲੋਅਰਖ, ਬਾਲਦ ਕਲਾਂ, ਬਲਿਆਲ, ਬਟਰਿਆਣਾ, ਰਾਮਪੁਰਾ, ਰੇਤਗਡ਼੍ਹ, ਝਨੇਡ਼ੀ, ਸੰਘਰਹੇਡ਼ੀ, ਨਾਗਰਾ, ਕਾਕਡ਼ਾ, ਘਰਾਚੋਂ, ਫੱਗੂਵਾਲਾ ਅਤੇ ਹਰਕ੍ਰਿਸ਼ਨਪੁਰਾ ਦੇ ਕਿਸਾਨਾਂ ਨੂੰ ਲਾਭ ਮਿਲੇਗਾ। ਇਸੇ ਤਰ੍ਹਾਂ ਨਦਾਮਪੁਰ ਡਿਸਟ੍ਰੀਬਿਊਟਰੀ ਜਿਸਦੀ ਕੁੱਲ ਲੰਬਾਈ 43.58 ਕਿਲੋਮੀਟਰ ਹੈ, ਵਿਚ ਮੁੱਖ ਡਿਸਟ੍ਰੀਬਿਊਟਰੀ ਤੋਂ ਇਲਾਵਾ 4 ਮਾਈਨਰਾਂ ਆਉਂਦੀਆਂ ਹਨ ਅਤੇ ਇਹ ਸੰਗਰੂਰ ਅਤੇ ਪਟਿਆਲਾ ਅੰਦਰ ਪੈਂਦੀ ਹੈ ਅਤੇ ਇਸ ਨਾਲ ਤਕਰੀਬਨ 37 ਪਿੰਡਾਂ ਦੇ ਕਿਸਾਨ ਆਪਣੀਆਂ ਜ਼ਮੀਨਾਂ ਲਈ ਇਸ ਨਹਿਰ ਦੇ ਪਾਣੀ ਦੀ ਵਰਤੋਂ ਕਰਦੇ ਹਨ ਪਰ ਕਿਨਾਰਿਆਂ ਦੀ ਖਸਤਾ ਹਾਲਤ ਕਾਰਨ ਇਹ ਡਿਸਟ੍ਰੀਬਿਊਟਰੀ ਆਪਣਾ ਅਧਿਕਾਰਤ 75 ਕਿਊਸਿਕ ਪਾਣੀ ਨਹੀਂ ਲੈ ਰਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਇਸਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ 11.48 ਕਰੋਡ਼ ਦਾ ਪ੍ਰਾਜੈਕਟ ਮਨਜ਼ੂਰ ਕਰਨ ਨਾਲ ਨਿਦਾਮਪੁਰ, ਬਾਲਦ ਕਲਾਂ, ਹਰਦਿੱਤਪੁਰਾ, ਕਾਦਰਪੁਰ, ਮੱਟਰਾਂ, ਨੰਦਗਡ਼੍ਹ, ਥੰਮਣ ਸਿੰਘ ਵਾਲਾ, ਫਤਿਹਗਡ਼੍ਹ ਛੰਨਾ, ਗਾਜੇਵਾਸ, ਬਾਲੀਆਂ, ਤਲਵੰਡੀ ਮਲਿਕ, ਭੱਟੀਵਾਲ ਖੁਰਦ, ਨਰਾਇਣਗਡ਼੍ਹ, ਕਾਨਗਡ਼੍ਹ, ਬਾਸੀਅਰਖ, ਦਿਆਲਗਡ਼੍ਹ ਜੇਜੀਆਂ, ਖਨਾਲ ਕਲਾਂ, ਕਮਾਲਪੁਰਾ, ਸਮੂਰਾਂ, ਸਫੀਪੁਰ ਖੁਰਦ, ਮੁਨਸ਼ੀਵਾਲਾ, ਖਡਿਆਲ, ਬਰਾਸ, ਧਰਮਗਡ਼੍ਹ ਛੰਨਾ, ਥੂਹਡ਼, ਰਤਨਗਡ਼੍ਹ ਸਿੰਦਡ਼ਾ, ਕਾਕੂਵਾਲਾ, ਦੁਗਾਲਖੁਰਦ, ਭੱਟੀਵਾਲ ਕਲਾਂ, ਘਨੌਡ਼ ਰਾਜਪੁਰਾ, ਆਲਮਪੁਰ, ਬੱਲਮਗਡ਼੍ਹ, ਸੰਤਪੁਰਾ, ਰਾਮਗਡ਼੍ਹ, ਬਿਜਲਪੁਰ, ਅਕਬਰਪੁਰ, ਬਾਲਦ ਖੁਰਦ ਅਤੇ ਘਨੌਡ਼ ਜੱਟਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮਿਲੇਗਾ। ਇਸ ਤੋਂ ਪਹਿਲਾਂ ਸਿੰਗਲਾ ਨੇ ਸੰਗਰੂਰ ਵਿਕਾਸ ਯਾਤਰਾ ਦੇ ਦੂਜੇ ਦਿਨ 12 ਪਿੰਡਾਂ ਦਾ ਪੈਦਲ ਦੌਰਾ ਕੀਤਾ। ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਅਤੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 64 ਲੱਖ ਰੁਪਏ ਦੀਆਂ ਗਰਾਂਟਾਂ ਵੀ ਵੰਡੀਆਂ। ਹਲਕਾ ਸੰਗਰੂਰ ਦੇ ਹਰੇਕ ਪਿੰਡ ਪੱਧਰ ’ਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਕੇ ਲੋਕ ਮਸਲਿਆਂ ਨੂੰ ਸੁਣਨ ਅਤੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਹੋਰ ਵਧੇਰੇ ਤੇਜ਼ ਕਰਨ ਲਈ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਸ਼ੁਰੂ ਹੋਈ ਸੰਗਰੂਰ ਵਿਕਾਸ ਯਾਤਰਾ ਦੂਜੇ ਦਿਨ ਵੱਡੇ ਕਾਫ਼ਲੇ ਦੇ ਰੂਪ ’ਚ ਪਿੰਡ ਬਲਿਆਲ ਪੁੱਜੀ। ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਿੰਡ ਬਲਿਆਲ, ਬਾਲਦ ਕੋਠੀ, ਭੱਟੀਵਾਲ ਕਲਾਂ, ਭੱਟੀਵਾਲ ਖੁਰਦ, ਨਰਿਆਣਗਡ਼੍ਹ, ਬਾਸੀਅਰਖ, ਰਾਮਗਡ਼੍ਹ, ਕਪਿਆਲ, ਰੇਤਗਡ਼੍ਹ, ਬਟਰੇਆਣਾ, ਝਨੇਡ਼ੀ ਅਤੇ ਘਰਾਚੋਂ ਵਿਖੇ ਵੱਖ-ਵੱਖ ਥਾਵਾਂ ’ਤੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਸੰਗਰੂਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਪੈਸਿਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ’ਚ ਆਉਣ ਵਾਲੇ ਸਮੇਂ ਅੰਦਰ ਸਹੂਲਤਾਂ ਪੱਖੋਂ ਕੋਈ ਫ਼ਰਕ ਨਹੀਂ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ 1333 ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਲਗਭਗ 7 ਕਰੋਡ਼ ਤੋਂ ਵਧੇਰੇ ਰਾਸ਼ੀ ਦੇ ਸਰਟੀਫਿਕੇਟਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਤੋਂ ਬਠਿੰਡਾ ਲਈ ਬਣੀਆਂ ਚਾਰ ਮਾਰਗੀ ਸਡ਼ਕਾਂ ਲਈ ਰਾਜ ਅੰਦਰ ਸਭ ਤੋਂ ਵੱਧ ਮੁਆਵਜ਼ਾ ਸੰਗਰੂਰ ਜ਼ਿਲੇ ਦੇ ਕਿਸਾਨਾਂ ਨੂੰ ਮਿਲਿਆ ਹੈ। ਇਸ ਦੌਰਾਨ ਸਿੰਗਲਾ ਨੇ ਪਿੰਡਾਂ ਦੇ ਸੀਵਰੇਜ ਦੇ ਕੰਮ, ਗਲੀਆਂ-ਨਾਲੀਆਂ, ਸ਼ਮਸ਼ਾਨਘਾਟ ਦੀ ਮੁਰੰਮਤ, ਪਸ਼ੂ ਹਸਪਤਾਲ ਦੀ ਮੁਰੰਮਤ, ਧਰਮਸ਼ਾਲਾ, ਬਜ਼ੁਰਗਾਂ ਦੇ ਬੈਠਣ ਲਈ ਸ਼ੈੱਡ, ਇੰਟਰਲਾਕ ਟਾਇਲਾਂ, ਪਾਰਕ ਆਦਿ ਦੇ ਵਿਕਾਸ ਕਾਰਜਾਂ ਲਈ 64 ਲੱਖ ਰੁਪਏ ਤੋਂ ਵਧੇਰੇ ਰਾਸ਼ੀ ਦੀ ਵੰਡ ਕੀਤੀ।

Related News