ਤਹਿਸੀਲ ਪੱਧਰ ’ਤੇ ਸਾਬਕਾ ਸੈਨਿਕ ਸੰਪਰਕ ਪ੍ਰੋਗਰਾਮ ਦਾ ਆਯੋਜਨ
Tuesday, Feb 26, 2019 - 03:50 AM (IST)

ਸੰਗਰੂਰ (ਕਾਂਸਲ, ਅੱਤਰੀ, ਵਿਕਾਸ)-ਸਾਬਕਾ ਸੈਨਿਕਾਂ ਦੀ ਭਲਾਈ ਲਈ ਅੱਜ ਮਿਲਟਰੀ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ ਵਿਖੇ ਤਹਿਸੀਲ ਪੱਧਰੀ ਸਾਬਕਾ ਸੈਨਿਕ ਸੰਪਰਕ ਪ੍ਰੋਗਰਾਮ ਤਹਿਤ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁਫਤ ਮੈਡੀਕਲ ਜਾਂਚ ਕਰਨ ਦੇ ਨਾਲ-ਨਾਲ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਇਸ ਮੌਕੇ ਲਾਏ ਮੁਫਤ ਮੈਡੀਕਲ ਜਾਂਚ ਕੈਂਪ ਵਿਚ ਫੌਜ ਦੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਮਿਲਟਰੀ ਦੇ ਕਮਾਂਡਿੰਗ ਅਫਸਰ ਕਰਨਲ ਅਤੁੱਲ ਭਾਰਦਵਾਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਸਾਬਕਾ ਸੈਨਿਕਾਂ ਦੇ ਮਾਣ-ਸਨਮਾਨ ਨੂੰ ਬਰਕਾਰ ਰੱਖਣ ਲਈ ਹੀ ਸਰਕਾਰ ਵੱਲੋਂ ਹਰ ਸਾਲ ਤਹਿਸੀਲ ਪੱਧਰ ਉੱਪਰ ਸਾਬਕਾ ਸੈਨਿਕ ਸੰਪਰਕ ਪ੍ਰੋਗਰਾਮਾਂ ਦਾ ਆਯੋਜਨ ਕਰ ਕੇ ਕੈਂਪ ’ਚ ਆਉਣ ਵਾਲੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਕੈਂਪ ਵਿਚ ਲੈਫ਼ਟੀਨੈਂਟ ਕਰਨਲ ਸੀ. ਐੱਚ. ਵਿਜੈ, ਨਾਇਬ ਤਹਿਸੀਲਦਾਰ ਮਨਮੋਹਣ ਸਿੰਘ, ਪਵਿੱਤਰ ਸਿੰਘ ਭਲਾਈ ਪ੍ਰਬੰਧਕ, ਵਿਕਾਸ ਕੁਮਾਰ ਡੀ. ਡੀ. ਪੀ. ਓ. ਵਿਭਾਗ ਵੱਲੋਂ, ਅਸ਼ੋਕ ਕੁਮਾਰ ਸੈਨਿਕ ਵੈੱਲਫੇਅਰ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ।